
ਅੰਮ੍ਰਿਤਸਰ, 23 ਅਕਤੂਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਕੀਤੇ ਗਏ ਆਦੇਸ਼ ਕਿ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਤੁਰੰਤ ਸੇਵਾ ਮੁਕਤ ਕੀਤਾ ਜਾਵੇ ਨਾਲ ਸਮੁੱਚੇ ਸਿੱਖ ਜਗਤ ਵਿੱਚ ਆਸ ਦੀ ਕਿਰਨ ਜਾਗ ਪਈ ਹੈ।ਇਹ ਵਿਚਾਰ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ: ਮਨਜੀਤ ਸਿੰਘ ਕਲਕੱਤਾ, ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਸ: ਮਨਿੰਦਰ ਸਿੰਘ ਧੁੰਨਾ ਨੇ ਸਾਂਝੇ ਤੌਰ ਤੇ ਜਾਰੀ ਇੱਕ ਬਿਆਨ ਵਿੱਚ ਕਹੇ।ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਤਖਤਾਂ ਦੇ ਜਥੇਦਾਰ ਪੰਥਕ ਮਰਿਆਦਾ ਦੇ ਉਲਟ ਆਪਣੇ ਸਿਆਸੀ ਆਕਾਵਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੋ ਫੈਸਲੇ ਲੈ ਰਹੇ ਸਨ ਉਸ ਨਾਲ ਸਮੁੱਚੇ ਸਿੱਖ ਜਗਤ ਨੂੰ ਸੰਸਾਰ ਸਾਹਮਣੇ ਨਮੋਸ਼ੀ ਦਾ ਮੂੰਹ ਵੇਖਣਾ ਪੈ ਰਿਹਾ ਹੈ। ਅੱਜ ਜੋ ਪੰਜ ਪਿਆਰਿਆਂ ਨੇ ਗੁਰੂ ਦਸ਼ਮੇਸ਼ ਪਿਤਾ ਸਾਹਿਬ ਦੇ ਆਸ਼ੇ ਅਤੇ ਪਾਏ ਪੂਰਨੇ ਅਨੁਸਾਰ ਪੰਥਕ ਮਰਿਆਦਾ ਵਿੱਚ ਇੰਨ੍ਹਾਂ ਜਥੇਦਾਰਾਂ ਨੂੰ ਸੇਵਾ ਮੁਕਤੀ ਦਾ ਆਦੇਸ਼ ਜਾਰੀ ਕੀਤਾ ਹੈ ਉਹ ਪੂਰੀ ਤਰ੍ਹਾਂ ਪੰਥ ਦੇ ਹਿੱਤ ਵਿੱਚ ਹੈ ਅਤੇ ਇਸ ਨਾਲ ਸਿੱਖ ਜਗਤ ਵਿੱਚ ਇਸ ਫੈਲੇ ਨਿਰਾਸ਼ਾ ਦੇ ਦੌਰ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤਖਤਾਂ ਦੇ ਜਥੇਦਾਰ ਸਿੱਖ ਪੰਥ ਵਿੱਚ ਆਪਣਾ ਅਧਾਰ ਪਹਿਲਾਂ ਹੀ ਗਵਾ ਚੁੱਕੇ ਸਨ, ਇਸ ਗੱਲ ਦਾ ਸਬੂਤ ਹੈ ਕਿ ਜਦ ਵੀ ਇਹ ਜਥੇਦਾਰ ਕਿਸੇ ਸਮਾਗਮ ਵਿੱਚ ਜਾਂਦੇ ਸਨ ਤਾਂ ਸਿੱਖ ਕੌਮ ਭੜਕ ਜਾਂਦੀ ਹੈ ਅਤੇ ਇੰਨ੍ਹਾਂ ਨੂੰ ਸਮਾਗਮ ਵਿੱਚੋਂ ਭੱਜਣਾ ਪੈਂਦਾ ਹੈ।ਉਨਾਂ ਕਿਹਾ ਕਿ ਹੁਣ ਇਹ ਸਿੱਖ ਕੌਮ ਦੇ ਨਹੀਂ ਬਲਕਿ ਕੇਵਲ ਬਾਦਲ ਪਰਿਵਾਰ ਅਤੇ ਮੱਕੜ ਦੇ ਹੀ ਜਥੇਦਾਰ ਰਹਿ ਗਏ ਸਨ।ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਪੰਥ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਮੁਕਤ ਕਰ ਦੇਵੇ ਨਹੀਂ ਤਾਂ ਜਿਸ ਤਰ੍ਹਾਂ ਸਮੁੱਚਾ ਪੰਥ ਇੰਨ੍ਹਾਂ ਜਥੇਦਾਰਾਂ ਦੇ ਖਿਲਾਫ ਹੋਇਆ ਹੈ ਉਹ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਬਹੁਤ ਹੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਸੀ ਆਪਣਾ ਅਧਾਰ ਵੀ ਸਿੱਖ ਪੰਥ ਵਿੱਚੋਂ ਨਾ ਗਵਾ ਬੈਠੇ।
Punjab Post Daily Online Newspaper & Print Media