
ਅੰਮ੍ਰਿਤਸਰ, 4 ਨਵੰਬਰ (ਗੁਰਚਰਨ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਨਾਮ ਨਗਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨੌਜਵਾਨਾਂ ਨੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ‘ਚ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸੱਤਵਾਂ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ।ਬਾਅਦ ਦੁਪਹਿਰ ਸਮਾਗਮ ਦੀ ਆਰੰਭਤਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰ ਕੇ ਕੀਤੀ, ਬੀਬੀਆਂ ਦੇ ਜਥੇ ਵੱਲੋਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਗਿਆ ਅਤੇ ਉਪਰੰਤ ਕਥਾਵਾਚਕਾਂ, ਢਾਡੀਆਂ, ਪ੍ਰਚਾਰਕਾਂ ਅਤੇ ਕੀਰਤਨੀਆਂ ਨੇ ਹਰਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਗੁਰਚਰਨ ਸਿੰਘ ਚੰਨ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਅਤੇ ਭਾਈ ਕਰਨੈਲ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਸਟੇਜ ਤੋਂ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਪੰਥ ਪ੍ਰਸਿੱਧ ਭਾਈ ਫ਼ੌਜਾ ਸਿੰਘ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਬੀਰ ਰਸੀ ਵਾਰਾਂ ਅਤੇ ਗੁਰ-ਇਤਿਹਾਸ ਸਰਵਣ ਕਰਵਾਇਆ।
ਭਾਈ ਗੁਰਚਰਨ ਸਿੰਘ ਚੰਨ ਨੇ ਕਿਹਾ ਕਿ ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਸੰਗਤਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ।ਭਾਈ ਰਣਜੀਤ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਡੇ ਕਰਵਾਏ ਹੋਏ ਗੁਰਮਤਿ ਸਮਾਗਮ ਤਾਂ ਹੀ ਸਫਲ ਹੋਣਗੇ, ਜੇਕਰ ਸਭ ਗੁਰੂ ਸਿਧਾਂਤਾਂ, ਸਿੱਖ ਪੰਥ ਦੀਆਂ ਨੀਤੀਆਂ ਅਤੇ ਰਹਿਤ ਮਰਯਾਦਾ ‘ਤੇ ਪਹਿਰਾ ਦੇਣਗੇ।ਉਨਾਂ ਨੇ ਵਰਤਾਂ, ਸਰਾਧਾਂ, ਧਾਗੇ-ਤਵੀਤਾਂ, ਮੜ੍ਹੀਆਂ-ਮਸਾਣਾਂ ਅਤੇ ਪਖੰਡੀ ਡੇਰਿਆਂ ਦਾ ਉਨ੍ਹਾਂ ਨੇ ਗੁਰਬਾਣੀ ਪ੍ਰਮਾਣਾਂ ਅਨੁਸਾਰ ਖੰਡਨ ਵੀ ਕੀਤਾ ਅਤੇ ਅਜਿਹੀਆਂ ਮਨਮੱਤੀਆਂ ਕਾਰਵਾਈਆਂ ਤੋਂ ਸੰਗਤਾਂ ਨੂੰ ਦੂਰ ਰਹਿਣ ਲਈ ਸੁਚੇਤ ਕੀਤਾ।
ਇਸ ਸਮਾਗਮ ਵਿੱਚ ਭਾਈ ਗੁਰਿੰਦਰ ਸਿੰਘ ਮਾਦੋਕੇ, ਭਾਈ ਗੁਰਮਾਨ ਸਿੰਘ ਨਿਹੰਗ, ਭਾਈ ਮਨਜੀਤ ਸਿੰਘ ਸੰਤ ਆਦਿ ਦੇ ਕੀਰਤਨੀ ਜਥਿਆਂ ਨੇ ਵੀ ਹਾਜ਼ਰੀ ਭਰੀ।76 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਹਨ ਅਤੇ ਪ੍ਰਾਣੀਆਂ ਨੂੰ ਫ਼ਰੀ ਕਕਾਰਾਂ ਦੀ ਸੇਵਾ ਕੀਤੀ ਗਈ।ਸੁਸਾਇਟੀ ਦੇ ਵਲੋਂ ਸਭ ਸੰਗਤਾਂ ਦਾ ਧੰਨਵਾਦ ਕਰਦਿਆਂ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
Punjab Post Daily Online Newspaper & Print Media