ਸਬੰਧਿਤ ਮਹਿਕਮੇ ਵੱਲੋਂ ਆਪਣੀ ਸਾਖ ਬਚਾਉਣ ਲਈ ਜੋੜ ਤੋੜ ਲਾਉਣੇ ਸ਼ੁਰੂ
ਅਜਨਾਲਾ, 7 ਨਵੰਬਰ (ਬਾਠ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਪੂਰੀ ਤਨਦੇਹੀ ਨਾਲ ਆਪਣਾ ਹਿੱਸਾ ਪਾ ਰਹੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਦਿੱਤੇ ਜਾਂਦੇ ਹਨ ਤਾਂ ਜੋ ਸਰਕਾਰੀ ਅਧਿਆਪਕਾਂ ਦੀ ਪ੍ਰਤਿਭਾ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਵਿੱਚ ਇੱਕ ਹੋਰ ਚੰਗੇਰਾ ਕਰਨ ਦਾ ਉਤਸ਼ਾਹ ਪੈਦਾ ਕੀਤਾ ਜਾ ਸਕੇ।ਪਰ ਪਿਛਲੇ ਕੁੱਝ ਸਮੇਂ ਤੋਂ ਸਟੇਟ ਐਵਾਰਡਾਂ ਦੀ ਵੰਡ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ।ਇਸ ਦਾ ਮੁੱਖ ਕਾਰਨ ਵਿਭਾਗ ਵੱਲੋਂ ਕੁੱਝ ਅਯੋਗ ਅਤੇ ਸਰਕਾਰੀ ਸਰਪ੍ਰਸਤੀ ਹਾਂਸਲ ਅਧਿਆਪਕਾਂ ਨੂੰ ਸਟੇਟ ਐਵਾਰਡ ਲਈ ਵਿਚਾਰਨਾ ਹੈ।ਸਿੱਖਿਆ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਇਹ ਐਵਾਰਡ ਵਿਸ਼ਾ ਮਾਹਰਾਂ ਨੂੰ ਹੀ ਦਿੱਤਾ ਜਾਂਦਾ ਹੈ।ਪਰ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਅਜਿਹੇ ਅਧਿਆਪਕਾਂ ਨੂੰ ਵੀ ਸਟੇਟ ਐਵਾਰਡ ਦਿੱਤੇ ਗਏ ਹਨ।ਜਿਹਨਾਂ ਨੂੰ ਆਪਣਾ ਵਿਸ਼ਾ ਪੜਾਉਣ ਵਿੱਚ ਕੋਈ ਮੁਹਾਰਤ ਨਹੀਂ ਹੈ ਅਤੇ ਨਾਂ ਹੀ ਸਟੇਟ ਐਵਾਰਡ ਦੇਣ ਤੋਂ ਪਹਿਲਾਂ ਵਿਭਾਗ ਵੱਲੋਂ ਉਹਨਾਂ ਦੇ ਵਿਸ਼ੇ ਪ੍ਰਤੀ ਕੋਈ ਵਿਸ਼ੇਸ਼ ਜਾਂਚ ਕੀਤੀ ਗਈ ਹੈ।
ਜ਼ਿਲਾ ਸਿੱਖਿਆ ਦਫਤਰ ਅੰਮ੍ਰਿਤਸਰ ਦੇ ਇੱਕ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕੇ ਬਹੁਤ ਵਾਰੀਂ ਐਵਾਰਡਾਂ ਦੀ ਵੰਡ ਮਹਿੰਗੇ ਹੋਟਲਾਂ ਵਿੱਚ ਕੀਤੀਆਂ ਗਈਆਂ ਵੱਡੇ ਅਫਸਰਾਂ ਦੀਆਂ ਪਾਰਟੀਆਂ ਰਾਹੀਂ ਹੋ ਜਾਂਦੀ ਹੈ ਅਤੇ ਯੋਗ ਅਧਿਆਪਕ ਇਸ ਸਮੇਂ ਆਪਣੀ ਪ੍ਰਤਿਭਾ ਸਾਹਮਣੇ ਅਯੋਗ ਅਧਿਆਪਕਾਂ ਨੂੰ ਸਨਮਾਨਿਤ ਹੁੰਦਾਂ ਵੇਖ ਕੇ ਆਪਣੇ ਆਪ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਦੇ ਹਨ।ਐਵਾਰਡ ਦੇਣ ਤੋਂ ਬਾਅਦ ਸਰਕਾਰ ਅਤੇ ਵਿਭਾਗ ਨੂੰ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲੈਣੀਆਂ ਚਾਹੀਦੀਆਂ ਹਨ।ਪਰ ਸਥਿਤੀ ਇਸ ਸਭ ਦੇ ਉਲਟ ਇਨ੍ਹਾਂ ਵਿੱਚੋਂ ਕੁੱਝ ਸਨਮਾਮਿਤ ਅਧਿਆਪਕ ਆਪਣੀ ਸਿਆਸੀ ਪਹੁੰਚ ਅਤੇ ਅਫਸਰਾਂ ਨਾਲ ਰਹਿਣੀ ਬਹਿਣੀ ਦਾ ਸਹਾਰਾ ਲੈ ਕੇ ਨਿਗਰਾਨ ਟੀਮਾਂ ਅਤੇ ਹੋਰ ਦਫਤਰੀ ਅਮਲੇ ਵਿੱਚ ਆਪਣੀ ਡਿਊਟੀ ਲਗਾ ਕੇ ਸਕੁਲ ਵਿੱਚ ਆਪਣਾ ਵਿਸ਼ਾ ਪੜਾਉਣ ਤੋਂ ਬੱਚਦੇ ਦਿਖਾਈ ਦਿੰਦੇਂ ਹਨ।ਜੇ ਸਿੱਖਿਆ ਵਿਭਾਗ ਇਨ੍ਹਾਂ ਕੁੱਝ ਸਨਮਾਨਿਤ ਅਧਿਆਪਕਾਂ ਨੂੰ ਉਹਨਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਵਾਪਸ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਣ ਲਈ ਭੇਜ ਦੇਵੇ ਤਾਂ ਇਹਨਾਂ ਦੀ ਹੁਸ਼ਿਆਰੀ ਦਾ ਸਬ ਨੂੰ ਪਤਾ ਲੱਗ ਸਕਦਾ ਹੈ।ਸਰਕਾਰੀ ਅਧਿਆਪਕਾਂ ਨੂੰ ਮਿਲੇ ਸਟੇਟ ਐਵਾਰਡ ਦੇ ਹੋਏ ਸਿਆਸੀ ਕਰਨ ਦੀ ਗੱਲ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਅਤੇ ਲੋਕ ਦਫਤਰ ਜ਼ਿਲਾ ਸਿੱਖਿਆ ਅਫਸਰ ਸੰਕੈਡਰੀ ਸਿੱਖਿਆ ਅਤੇ ਹੋਰ ਸਬੰਧਿਤ ਮਹਿਕਮਿਆਂ ਕੋਲੋਂ ਰਾਹੀਂ ਆਰ. ਟੀ. ਆਈ ਜਾਣਕਾਰੀ ਮੰਗ ਕਰ ਰਹੇ ਹਨ।ਜਿਸਦੀ ਕੇ ਸਬੰਧਿਤ ਦਫਤਰਾਂ ਵਿੱਚ ਹਲਚਲ ਮੱਚੀ ਹੋਈ ਹੈ ਅਤੇ ਆਰ. ਟੀ. ਆਈ ਪਾਉਣ ਵਾਲਿਆਂ ਨਾਲ ਸਬੰਧਿਤ ਮਹਿਕਮਿਆਂ ਦੇ ਕਰਮਚਾਰੀਆਂ ਨੇ ਜੋੜ ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ।ਇਥੇ ਜ਼ਿਕਰ ਕਰਨਾ ਬਣਦਾ ਹੈ ਕੇ ਸਕੂਲਾਂ ਵਿੱਚ ਪਹਿਲਾਂ ਹੀ ਸਰਕਾਰੀ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਅਤੇ ਸਬੰਧਿਤ ਮਹਿਕਮੇ ਵੱਲੋਂ ਕੁੱਝ ਅਯੋਗ ਅਧਿਆਪਕਾਂ ਅਤੇ ਸ਼ਰਤਾਂ ਨਾ ਪੂਰੀਆਂ ਕਰਦੇ ਅਤੇ ਆਪਣੇ ਵਿਸ਼ੇ ਪ੍ਰਤੀ ਕੋਈ ਮੁਹਾਰਤ ਨਾ ਰੱਖਦੇ ਅਧਿਆਪਕਾਂ ਨੂੰ ਇਸ ਤਰਾਂ ਦੇ ਵਿਸ਼ੇਸ਼ ਸਿਆਸੀ ਸਨਮਾਨ ਦੇ ਕੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਹਨ ਤੇ ਸਰਕਾਰੀ ਮਹਿਕਮੇ ਦੇ ਡੰਡੇ ਤੋਂ ਬਚਾਉਣ ਲਈ ਨਿਗਰਾਨ ਟੀਮ ਵਿੱਚ ਥਾਵਾਂ ਦਿੱਤੀਆਂ ਹਨ ਅਤੇ ਮਹਿਕਮੇਂ ਦੀ ਇਸ ਹਰਕਤ ਕਰਕੇ ਕੁੱਝ ਅਧਿਆਪਕਾਂ ਦੇ ਸਕੂਲਾਂ ਵਿੱਚੋਂ ਚਲੇ ਜਾਣ ਨਾਲ ਉਹਨਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਿਸ ਦਾ ਸਾਰਾ ਅਸਰ ਸਕੂਲ ਦੀ ਸਿੱਖਿਆ ਤੇ ਪੈ ਰਿਹਾ ਹੈ ਅਤੇ ਸਬੰਧਿਤ ਵਿਸ਼ਿਆਂ ਕਾਰਨ ਬੱਚਿਆਂ ਦੀ ਪੜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ।
Punjab Post Daily Online Newspaper & Print Media