
ਸੰਦੌੜ, 13 ਨਵੰਬਰ (ਹਰਮਿੰਦਰ ਸਿੰਘ ਭੱਟ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਹੋਈਆਂ ਬੇਅਦਬੀਆਂ ਦੀਆਂ ਹਿਰਦੇਵੇਧਕ ਘਟਨਾਵਾਂ ਨੂੰ ਲੈ ਕੇ ਦੇਸਾਂ ਵਿਦੇਸ਼ਾਂ ਵਿਚ ਸਰਕਾਰ ਅਤੇ ਉਨ੍ਹਾਂ ਦੇ ਗ਼ੁਲਾਮ ਅਧਿਕਾਰੀਆਂ ਵੱਲੋਂ ਪੰਥ ਨੂੰ ਇਨਸਾਫ਼ ਦਿਵਾਉਣ ਦੀ ਥਾਂ ਕੀਤੀ ਗਈ ਤਸ਼ੱਦਦ ਦੇ ਰੋਸ ਵਜੋਂ ਪਿੰਡ ਬਰਗਾੜੀ ਵਿਖੇ ਸ਼ਹੀਦ ਸਿੰਘਾਂ ਦੀ ਅੰਤਿਮ ਅਰਦਾਸ ਮੌਕੇ ਪੰਥਕ ਆਗੂਆਂ ਵਲੋਂ 9 ਮਤੇ ਪਾਸ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਦੀਵਾਲੀ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਵੱਜੋ ਮਨਾਉਣ ਦੇ ਸੱਦੇ ਤੇ ਸੰਗਤਾਂ ਵੱਲੋਂ ਸਹਿਯੋਗ ਦੇ ਕੇ ਏਕਤਾ ਤੇ ਧਰਮ ਤੇ ਪਰਪੱਕਤਾ ਦਾ ਸਬੂਤ ਦਿੱਤਾ ਹੈ ਇਸ ਲਈ ਗੁਰੂ ਰੂਪ ਸੰਗਤ ਦੇ ਧੰਨਵਾਦੀ ਰਹਾਂਗੇ ਅਤੇ ਇਹ ਕਾਰਜ ਸੰਘਰਸ ਦਾ ਮੁੱਖ ਹਿੱਸਾ ਬਣ ਗਿਆ ਹੈ ਕਿਉਕਿ ਇਸ ਨਾਲ ਸੰਗਤ ਨੇ ਸਾਬਿਤ ਕੀਤਾ ਹੈ ਕਿ ਅਸਲ ਦੋਸ਼ੀਆਂ ਦੀ ਹਿਰਾਸਤ ਦੀ ਮੰਗ ਨੂੰ ਪੂਰਾ ਹੋਣ ਤਕ ਬਿਨਾਂ ਕਿਸੇ ਧੱਕੇਸ਼ਾਹੀ ਦੇ ਡਰ ਤੋਂ ਨਿਡਰ ਹੋ ਕੇ ਜਾਰੀ ਰੱਖਣ ਦਾ ਪ੍ਰਤੱਖ ਸਬੂਤ ਸਰਕਾਰਾਂ ਦੇ ਮੱਥੇ ਤੇ ਕਰਾਰੀ ਸੱਟ ਮਾਰ ਕੇ ਦਿਤਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਅਤੇ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਹਰੇਕ ਜ਼ਿਲ੍ਹੇ, ਕਸਬੇ ਅਤੇ ਪਿੰਡਾਂ ਵਿਚ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਅਤੇ ਚੜ੍ਹਦੀ ਕਲਾ ਲਈ ਇੱਕਜੁੱਟਤਾ ਦਾ ਸਬੂਤ ਦਿੰਦਿਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਦੀਵਾਲੀ ਦੇ ਤਿਉਹਾਰ ਵਿਚ ਦੀਪਮਾਲਾ, ਦੀਵੇ, ਲੜੀਆਂ ਅਤੇ ਮਠਿਆਈਆਂ ਆਦਿ ਨਾ ਬਣਵਾ ਕੇ ਘਰਾਂ ਦੀਆਂ ਛੱਤਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਮਨਾਈ ਹੈ,ਜੋ ਕਿ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਵੇਗੀ ਅਤੇ ਇਸ ਲਈ ਉਹ ਪੰਥਕ ਆਗੂ ਅਤੇ ਪੰਥ ਹਿਤੈਸੀ ਸਮੁੱਚੀ ਕੌਮ ਦਾ ਧੰਨਵਾਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਜਦੋਂ ਵੀ ਮੁਸੀਬਤ ਵਿਚ ਆਈ ਹੈ ਤਾਂ ਇਸ ਨੇ ਇੱਕਜੁੱਟ ਹੋ ਕੇ ਮੁਕਾਬਲਾ ਕੀਤਾ ਹੈ ਅਤੇ ਅਜੋਕੀ ਦੁੱਖ ਦੀ ਘੜੀ ਵਿਚ ਕੋਈ ਇਨਸਾਫ ਨਾ ਮਿਲਦਾ ਦੇਖ ਕਾਲੀਆਂ ਝੰਡੀਆਂ ਲਗਾ ਕੇ ਦੇਸ਼ ਦੇ ਕਾਨੂੰਨ ਦੇ ਦੋਹਰੇ ਮਾਪਦੰਡਾਂ ਨੂੰ ਚੁਨੌਤੀ ਦਿੱਤੀ ਹੈ ਜੋ ਕਿ ਦੁਨੀਆ ਭਰ ਦੇ ਦੇਸਾਂ ਵਿਚ ਭਾਰਤ ਦੇਸ਼ ਦੀਆਂ ਸਰਕਾਰ ਲਈ ਬੜੀ ਸਰਮਨਾਕ ਗੱਲ ਹੈ। ਇਸ ਤੋਂ ਇਲਾਵਾ ਗੁਰੂ ਨੂੰ ਸਮਰਪਿਤ ਸਮੁੱਚੀ ਸਿੱਖ ਕੌਮ ਨੇ ਪਾਰਟੀਬਾਜ਼ੀਆਂ ਤੇ ਧੜੇਬੰਦੀਆਂ ਤੋਂ ਪਾਸਾ ਵੱਟਦਿਆਂ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਪਿੰਡਾਂ ਵਿਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸਿੱਖਾਂ ਦਾ ਸਾਥ ਦਿੰਦਿਆਂ ਦੀਵਾਲੀ ਨੂੰ ਕਾਲੇ ਰੂਪ ਵਿਚ ਮਨਾਇਆ ਹੈ, ਜਿਸ ਲਈ ਸਮੁੱਚੀ ਸਿੱਖ ਕੌਮ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਦੀ ਰਹੇਗੀ।
Punjab Post Daily Online Newspaper & Print Media