ਅੰਮ੍ਰਿਤਸਰ, 23 ਨਵੰਬਰ (ਗੁਰਪ੍ਰੀਤ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਅਕਾਲੀਆਂ ਨੇ ਬਠਿੰਡਾ ਰੈਲੀ ‘ਤੇ ਸਰਕਾਰੀ ਮਸ਼ੀਨਰੀ ਤੇ ਖਾਸਕਰ ਪੁਲਿਸ ਦੀ ਦੁਰਵਰਤੋਂ ਕੀਤੀ ਹੈ।ਔਜਲਾ ਨੇ ਅਕਾਲੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਆਮ ਲੋਕਾਂ ਵਿੱਚ ਸਰਕਾਰ ਦਾ ਵਜ਼ੂਦ ਖਤਮ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾਉਣ ਲਈ ਸਰਕਾਰ ਫੋਕੇ ਐਲਾਨ ਕਰ ਰਹੀ ਹੈ।ਔਜਲਾ ਨੇ ਦੋਸ਼ ਲਾਇਆ ਕਿ ਪੰਜਾਬ ਤੇ ਕੇਂਦਰ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਹੈ, ਪਰ ਇਨਸਾਫ ਲਈ ਰਾਸ਼ਟਰਪਤੀ ਨੂੰ ਮਿਲੇ ਹਨ ਅਤੇ ਕਾਂਗਰਸ ਦੇ ਉੱਚ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਖਿਲਾਫ ਮਨਘੜ੍ਹਤ ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ ਤਾਂ ਜੋ ਆਪਣੀਆਂ ਨਾਕਾਮੀਆਂ ਨੂੰ ਛੁਪਾਇਆ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿਚ ਪੁਲਿਸ ਬਲ ਸਿਵਲ ਕੱਪੜਿਆਂ ਵਿੱਚ ਪੁੱਜੇ ਹੋਏ ਸਨ ਅਤੇ ਹਰਿਆਣਾ ਦੇ ਚੌਟਾਲਾ ਪਰਿਵਾਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਵਰਕਰ ਭੇਜੇ । ਆਰ. ਐਸ. ਐਸ ਦੇ ਇਸ਼ਾਰੇ ‘ਤੇ ਭਾਜਪਾ ਆਗੂਆਂ ਸ਼ਮੂਲੀਅਤ ਕੀਤੀ ਹੈ ਤਾਂ ਜੋ ਅਕਾਲੀ ਸਿੱਖ ਏਜੰਡੇ ਤੇ ਬੋਲਣ ਤੋਂ ਗੁਰੇਜ਼ ਕਰਨ। ਬਾਦਲਾਂ ਨੇ ਐਨ. ਆਰ. ਆਈ ਬਾਰੇ ਵੀ ਕੁੱਝ ਨਹੀਂ ਬੋਲਿਆ, ਪਰ ਦੋਸ਼ ਇਹ ਲਾਂਉਦੇ ਰਹੇ ਹਨ ਕਿ ਵਿਦੇਸ਼ਾਂ ‘ਚੋਂ ਪੰਜਾਬ ਦੇ ਕੁੱਝ ਲੋਕਾਂ ਨੂੰ ਮੱਦਦ ਮਿਲ ਰਹੀ ਹੈ। ਔਜਲਾ ਨੇ ਕਿਹਾ ਕਿ ਉਹ ਤੇ ਹੋਰ ਆਗੂ ਮੰਗ ਕਰਦੇ ਰਹੇ ਹਨ ਕਿ ਪੰਜਾਬ ਦੇ ਤਣਾਅ ਭਰੇ ਹਲਾਤਾਂ ਦੀ ਜਾਂਚ ਉੱਚ ਅਦਾਲਤ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਦਾ। ਔਜਲਾ ਨੇ ਅਕਾਲੀ ਭਾਜਪਾ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇੰਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਖੁਫੀਆ ਤੰਤਰ ਫੇਲ ਹੈ। ਇਹ ਸਰਕਾਰ ਕਾਂਗਰਸੀਆਂ ਦੇ ਹੀ ਫੋਨ ਟੇਪ ਕਰਨ ਜੋਗੀ ਹੈ। ਔਜਲਾ ਨੇ ਕਿਹਾ ਕਿ ਅਕਾਲੀਆਂ ਅੱਜ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਜੋ ਪੰਜਾਬ ਨੂੰ ਦਵਾਨੀ ਦੇਣ ਤੋਂ ਵੀ ਕੰਨੀ ਕਤਰਾਅ ਰਹੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media