Tuesday, March 24, 2026

ਅੰਗਹੀਣ ਵਿਅਕਤੀਆਂ ਲਈ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਜਲਦ – ਰਵੀ ਭਗਤ

PPN0312201511ਅੰਮ੍ਰਿਤਸਰ, 3 ਦਸੰਬਰ (ਗੁਰਚਰਨ ਸਿੰਘ)- ਸਥਾਨਕ ਸ੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਝਬਾਲ ਰੋਡ ਵਿੱਚ ਕੌਮਾਂਤਰੀ ਅੰਗਹੀਣ ਦਿਵਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਜਿਲ੍ਹੇ ਅੰਦਰ ਚੱਲ ਰਹੇ ਸਫਲ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਲੜੀ ਤਹਿਤ ਅੰਗਹੀਣ ਵਿਅਕਤੀਆਂ ਲਈ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮ ਦੀ ਜਲਦ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਅੰਗਹੀਣਤਾ ਨੂੰ ਕਾਬਲੀਅਤ ਵਿੱਚ ਤਬਦੀਲ ਕੀਤਾ ਜਾ ਸਕੇ।
ਕੌਮਾਂਤਰੀ ਅੰਗਹੀਣ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ 1992 ਵਿੱਚ ਇਹ ਦਿਹਾੜਾ ਅੰਗਹੀਣ ਵਿਅਕਤੀਆਂ ਦੇ ਜੀਵਨ ਪੱਧਰ ਵਿੱਚ ਚਹੁੰਮੁਖੀ ਵਿਕਾਸ ਦੇ ਮਨਸ਼ੇ ਨਾਲ ਮਨਾਉਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਇਸ ਖੇਤਰ ਵਿੱਚ ਵੱਡੇ ਸੁਧਾਰ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ ਅੰਗਹੀਣ ਵਿਅਕਤੀਆਂ ਲਈ ਖੋਲੇ ਜਾ ਰਹੇ ਹੁਨਰ ਵਿਕਾਸ ਕੇਂਦਰ ਦੀ ਗੱਲ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਇਸ ਕੇਂਦਰ ਵਿੱਚ ਪਹਿਲੇ ਸੈਸ਼ਨ ਵਿੱਚ 100 ਸਿਖਾਂਦਰੂਆਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ 25-25 ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਟੇਲਰਿੰਗ, ਕਟਿੰਗ, ਬਿਊਟੀਸ਼ੀਅਨ ਕੋਰਸਾਂ ਤੋਂ ਇਲਾਵਾ ਕੰਪਿਊਟਰ ਦੀ ਮੁੱਢਲੀ ਸਿਖਲਾਈ ਪ੍ਰਦਾਨ ਕਰਵਾ ਕੇ ਅੰਗਹੀਣ ਸਿਖਾਂਦਰੂਆਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਆਸ਼ਰਮ ਅੰਦਰ 4 ਕਮਰੇ ਉਸਾਰੇ ਗਏ ਹਨ ਜਿਨਾਂ ਵਿੱਚ ਜਲਦ ਹੀ ਲੋੜੀਂਦੀ ਮਸ਼ੀਨਰੀ ਸਥਾਪਤ ਕਰ ਦਿੱਤੀ ਜਾਵੇਗੀ।
ਸ੍ਰੀ ਭਗਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਨਾਰਥ ਇੰਡੀਆ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ (ਨਿਟਕੋਨ) ਨੂੰ ਨੋਡਲ ਏਜੰਸੀ ਥਾਪਿਆ ਗਿਆ ਹੈ ਜਦ ਕਿ ਇਹ ਏਜੰਸੀ ਨੈਸ਼ਨਲ ਹੈਂਡੀਕੈਪਡ ਅਤੇ ਫਾਇਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪ੍ਰੋਗਰਾਮ ਅਮਲੀ ਰੂਪ ਦੇਵੇਗੀ। ਉਨ੍ਹਾਂ ਦੱਸਿਆ ਕਿ ਨਿਟਕੋਨ ਨੇ ਸਿਖਾਂਦਰੂਆਂ ਤੋਂ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਦਿਨ 27 ਅਰਜੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਅੰਗਹੀਣ ਵਿਅਕਤੀਆਂ ਦੀ ਹੌਸਲਾ ਅਫਜਾਈ ਦੇ ਨਾਲ ਨਾਲ ਉਨ੍ਹਾਂ ਦੀ ਲੁਕੀ ਹੋਈ ਪ੍ਰਤਿਭਾ ਤੇ ਕਾਬਲੀਅਤ ਨੂੰ ਨਿਖਾਰ ਕੇ ਪੇਸ਼ ਕਰੇਗਾ। ਡਿਪਟੀ ਕਮਿਸ਼ਨਰ ਨੇ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਧੁੰਮਾਂ ਪੁੱਟਣ ਵਾਲੀਆਂ ਅੰਗਹੀਣ ਸ਼ਖ਼ਸੀਅਤਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਸਖਸ਼ੀਅਤਾਂ ਦੀ ਜਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਮਿਹਨਤ, ਲਗਨ ਤੇ ਸਮਰਪਿਤ ਭਾਵਨਾ ਨਾਲ ਹਰੇਕ ਵਿਅਕਤੀ ਕਾਮਯਾਬੀ ਦੀਆਂ ਸਿਖਰਾਂ ਛੋਹ ਸਕਦਾ ਹੈ। ਉਨ੍ਹਾਂ ਅੰਗਹੀਣ ਵਿਅਕਤੀਆਂ ਦੇ ਇਕੱਠ ਨੂੰ ਅਪੀਲ ਕੀਤੀ ਕਿ ਉਹ ਹੁਨਰ ਵਿਕਾਸ ਪ੍ਰੋਗਰਾਮ ਦਾ ਲਾਹਾ ਲੈ ਕੇ ਆਪਣੀ ਜਿੰਦਗੀ ਵਿੱਚ ਅਹਿਮ ਤਬਦੀਲੀਆਂ ਲਿਆ ਸਕਦੇ ਹਨ।  ਇਸੇ ਦੌਰਾਨ ਸ੍ਰੀ ਭਗਤ ਨੇ ਸ੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਦੇ ਪ੍ਰਧਾਨ ਕਮਲ ਕੁਮਾਰ, ਕੁਸ਼ਟ ਆਸ਼ਰਮ ਬਿਆਸ ਦੇ ਪ੍ਰਧਾਨ ਗੋਪਾਲ ਕੁਮਾਰ, ਗਿੰਨੀ ਭਾਟੀਆ ਪ੍ਰਧਾਨ ਫਰੈਂਡਜ਼ ਕਲੱਬ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਤੋਂ ਇੰਜ: ਮਨਜੀਤ ਸਿੰਘ ਸਮੇਤ ਅੰਗਹੀਣ ਵਿਅਕਤੀਆਂ ਨੂੰ ਬੂਟ ਵੰਡੇ। ਇਸ ਤੋਂ ਪਹਿਲਾਂ ਸਿਵਲ ਸਰਜਨ ਡਾ: ਜੈ ਸਿੰਘ ਅਤੇ ਜਿਲ੍ਹਾ ਲੈਪਰੋਸੀ ਅਫਸਰ ਡਾ: ਜੋਤਿਕਾ ਕਲਸੀ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply