
ਅੰਮ੍ਰਿਤਸਰ, 3 ਦਸੰਬਰ (ਗੁਰਚਰਨ ਸਿੰਘ)- ਜਿਲ੍ਹਾ ਪ੍ਰਸਾਸ਼ਨ ਵੱਲੋਂ ਰੈਡ ਕਰਾਸ ਸੁਸਾਇਟੀ ਵਿੱਚ ਸ਼ੁਰੂ ਕੀਤੀ ਪੰਘੂੜਾ ਸਕੀਮ ਤਹਿਤ ਅੱਜ ਇਕ ਹੋਰ ਬੱਚੀ ਨੂੰ ਪੰਘੂੜੇ ਚੋਂ ਪ੍ਰਾਪਤ ਕੀਤਾ ਗਿਆ। ਇਸ ਬੱਚੀ ਨੂੰ ਡਾ. ਤਰੁਨਦੀਪ ਕੌਰ, ਆਈ. ਆਰ. ਐਸ ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਪ੍ਰਾਪਤ ਕੀਤਾ ਅਤੇ ‘ਲਾਪਾ’ ਸਕੀਮ ਅਧੀਨ ਸ਼ਿਸ਼ੂ ਗ੍ਰਹਿ ਟਰੱਸਟ, ਨਾਰੀ ਨਿਕੇਤਨ, ਨਕੋਦਰ ਰੋਡ ਜਲੰਧਰ ਨੂੰ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਪੰਘੂੜਾ ਸਕੀਮ ਤਹਿਤ ਇਸ ਬੱਚੀ ਦੇ ਆਉਣ ਨਾਲ ਕੁੱਲ ਬੱਚਿਆਂ ਦੀ ਗਿਣਤੀ 116 ਹੋ ਗਈ ਹੈ ਜਿਨਾਂ ਵਿੱਚ 98 ਲੜਕੀਆਂ ਅਤੇ 18 ਲੜਕੇ ਹਨ।
ਜਿਕਰਯੋਗ ਹੈ ਕਿ ਬੀਤੀ 28 ਨਵੰਬਰ ਨੂੰ ਰਾਤ 10.00 ਵਜੇ ਦੇ ਕਰੀਬ 2-3 ਦਿਨਾਂ ਦੀ ਇਸ ਬੱਚੀ ਨੂੰ ਕਿਸੇ ਵੱਲੋਂ ਪੰਘੂੜੇ ਵਿੱਚ ਪਾਇਆ ਗਿਆ ਸੀ। ਬੱਚੀ ਦੇ ਪੰਘੂੜੇ ਵਿੱਚ ਪ੍ਰਾਪਤ ਹੋਣ ਪਿਛੋਂ ਰੈਡ ਕਰਾਸ ਵੱਲੋਂ ਮੈਡੀਕਲ ਲਈ ਸਥਾਨਕ ਪਾਰਵਤੀ ਹਸਪਤਾਲ, ਰਣਜੀਤ ਐਵਨਿਊ ਭੇਜਿਆ ਗਿਆ। ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ। ਇਸ ਲਈ ਇਸ ਬੱਚੀ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਸੰਸਥਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵੱਲੋਂ ਇਸ ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।
ਇਸ ਮੌਕੇ ਡਾ. ਤਰੁਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਸਕੀਮ ਅਧੀਨ ਹੁਣ 116 ਬੱਚੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਇਸ ਸਕੀਮ ਅਧੀਨ ਰੈਡ ਕਰਾਸ ਦਫ਼ਤਰ ਦੇ ਬਾਹਰ ਇਕ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀੇ) ਵਿਚ ਪ੍ਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਸਕੱਤਰ ਰੈੱਡ ਕਰਾਸ ਸੁਸਾਇਟੀ ਮੈਡਮ ਵਿਨੇ ਸ਼ਰਮਾ, ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media