
ਅੰਮ੍ਰਿਤਸਰ, 15 ਦਸੰਬਰ (ਚਰਨਜੀਤ ਸਿੰਘ ਛੀਨਾਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਹਤ ਕੇਂਦਰ ਦੇ ਵਿਸਥਾਰ ਫੇਜ਼-1 ਦਾ ਉਦਘਾਟਨ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤਾ। ਇਸ ਫੇਜ਼ ਵਿਚ ਨਵੀਂ ਐਮਰਜੈਂਸੀ ਵਾਰਡ ਅਤੇ ਲੈਬੌਰਟਰੀ ਵਿੰਗ ਸ਼ਾਮਿਲ ਹੈ। ਇਸ ਮੌਕੇ ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਡਾਇਰੈਕਟਰ ਰੀਸਰਚ, ਪ੍ਰੋ. ਟੀ.ਐਸ. ਬੈਨੀਪਾਲ, ਡੀਨ ਅਲੂਮਨੀ, ਡਾ. ਸੁਬੋਧ ਕੁਮਾਰ, ਪ੍ਰੋਫੈਸਰ ਐਸ.ਕੇ. ਗਰਗ, ਡਾ. ਏ.ਐਸ. ਭੰਵਰ, ਡਾ. ਰਾਜੇਸ਼ ਕਾਲੀਆ, ਇੰਜੀ. ਮੋਕੇਸ਼ ਸ਼ਰਮਾ ਅਤੇ ਚੇਅਰਪਰਸਨ ਮੈਡੀਕਲ ਕਮੇਟੀ, ਡਾ. ਗੁਰਚਰਨ ਕੌਰ ਹਾਜ਼ਰ ਸਨ। ਇਹ ਵਿਸਥਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਬਾਰ੍ਹਵੀਂ ਸਕੀਮ ਅਧੀਨ ਪ੍ਰਾਪਤ 60 ਲੱਖ ਰੁਪਏ ਦੀ ਗ੍ਰਾਂਟ ਅਧੀਨ ਕੀਤਾ ਗਿਆ ਹੈ ਅਤੇ ਦੂਜੇ ਫੇਜ਼ ਵਿਚ ਮਹਿਲਾ ਅਤੇ ਪੁਰਸ਼ ਦੀਆਂ ਵੱਖਰੀਆਂ ਵਾਰਡਾਂ ਤੋਂ ਇਲਾਵਾ ਡਾਕਟਰਾਂ ਦਾ ਡਿਊਟੀ ਰੂਮ ਵੀ ਬਣਾਇਆ ਜਾਵੇਗਾ। ਪ੍ਰੋ. ਬਰਾੜ ਨੇ ਇਸ ਮੌਕੇ ਸਿਹਤ ਵਿਭਾਗ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਨਵੇਂ ਵਿਸਥਾਰ ਦੇ ਪਹਿਲੇ ਫੇਜ਼ ਵਿਚ ਐਮਰਜੈਂਸੀ ਵਾਰਡ ਅਤੇ ਨਵਾਂ ਲੈਬੌਰਟਰੀ ਵਿੰਗ ਦਾ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਸਨੀਕਾਂ ਨੂੰ ਭਰਪੂਰ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀ ਅਤੇ ਯੂਨੀਵਰਸਿਟੀ ਭਾਈਚਾਰੇ ਦੀ ਸਿਹਤ ਲਈ ਵਚਨਬੱਧ ਹੈ ਅਤੇ ਹਮੇਸ਼ਾ ਹੀ ਤਤਪਰ ਰਹਿੰਦੀ ਹੈ।
ਇਸ ਤੋਂ ਪਹਿਲਾਂ ਇੰਚਾਰਜ ਸਿਹਤ ਕੇਂਦਰ, ਡਾ. ਸੁਨੀਲ ਗੁਪਤਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਸਿਹਤ ਕੇਂਦਰ ਵਿਖੇ ਉਪਲਬਧ ਅਤਿਆਧੁਨਿਕ ਉਪਕਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਬਹੁਤ ਹੀ ਘੱਟ ਰੇਟਾਂ ‘ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਅਤੇ ਕੱਲ੍ਹ ਇਸਤਰੀ ਰੋਗਾਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਡਾ. ਭੁਪਿੰਦਰ ਸਿੰਘ, ਡਾ. ਦਵਿੰਦਰਪਾਲ ਕੌਰ, ਡਾ. ਸਿਮਰਨਜੀਤ ਸਿੰਘ ਅਤੇ ਡਾ. ਸੁਮਿਤ ਮਹਾਜਨ (ਸੀਨੀਅਰ ਕੰਸਲਟੈਂਟ ਓਰਥੋਪੈਡਿਕਸ, ਇਵ ਹਸਪਤਾਲ) ਸ਼ਾਮਿਲ ਹੋਣਗੇ।
Punjab Post Daily Online Newspaper & Print Media