
ਬਠਿੰਡਾ, 16 ਦਸੰਬਰ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪੰਜਾਬ ਰਾਜ ਸਕੂਲ ਖੇਡਾਂ (ਜੂਡੋ ਲੜਕੀਆਂ) ਇੱਥੋਂ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ, ਜਿਲਾ ਸਿੱਖਿਆ ਅਫਸਰ (ਸੈਕੰਡਰੀ) ਡਾ. ਅਮਰਜੀਤ ਕੌਰ ਕੋਟਫੱਤਾ ਦੀ ਸੁਚੱਜੀ ਅਗਵਾਈ ਅਤੇ ਸਹਾਇਕ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਪਵਿੱਤਰ ਕੌਰ (ਸਟੇਟ ਅਵਾਰਡੀ) ਅਤੇ ਰਜਿੰਦਰ ਸਿੰਘ, ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ),ਦੇ ਸੁਯੋਗ ਪ੍ਰਬੰਧਾਂ ਤਹਿਤ ਪੂਰੇ ਜੋਸੋ ਖਰੋਸ਼ ਨਾਲ ਸ਼ੁਰੂ ਹੋ ਗਈਆਂ ਹਨ। ਖੇਡਾਂ ਦਾ ਉਦਘਾਟਨ ਚਰਨਜੀਤ ਸਿੰਘ ਬਰਾੜ ਪ੍ਰਧਾਨ ਜੂਡੋ ਐਸ਼ੋਸੀਏਸ਼ਨ ਪੰਜਾਬ ਅਤੇ ਓ.ਐਸ.ਡੀ. ਸੁਖਬੀਰ ਸਿੰਘ ਬਾਦਲ, ਡਿਪਟੀ ਮੁਖ ਮੰਤਰੀ ਪੰਜਾਬ ਨੇ ਕੀਤਾ ਅਤੇ ਝੰਡਾ ਲਹਿਰਾਇਆ ਅਤੇ ਝੰਡੇ ਦੀ ਸਲਾਮੀ ਦਿੱਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਿੱਖਿਆ ਅਤੇ ਮਿਹਨਤ ਮਨੁੱਖ ਦੀ ਅਜਿਹੀ ਜਾਇਦਾਦ ਹੈ ਜਿਸ ਨੂੰ ਕੋਈ ਚੋਰ ਖੋਹ ਜਾਂ ਚੁਰਾ ਨਹੀਂ ਸਕਦਾ। ਉਹਨਾਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਪੂਰੀ ਮਿਹਨਤ ਨਾਲ ਆਪਣਾ ਵਿਦਿਅਕ ਕੈਰੀਅਰ ਮਜਬੂਤ ਕਰਨ ਦੀ ਅਪੀਲ ਕੀਤੀ। ਖੇਡਾਂ ਵਾਰੇ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਡਾਂ ਦਾ ਬਜ਼ਟ 300 ਕਰੋੜ ਸਲਾਨਾ ਹੈ। ਸਰਕਾਰ ਵੱਲੋਂ ਖੇਡਾਂ ਵਿੰਗਾਂ ਦੀਆਂ ਸੀਟਾਂ ਵਧਾਈਆਂ ਗਈਆਂ ਹਨ। ਬਲਾਕ ਅਤੇ ਜਿਲਾ ਪੱਧਰ ਤੇ ਬਹੁ ਮੰਤਵੀ ਖੇਡ ਸਟੇਡੀਅਮ ਬਣਾਏ ਜਾਣ ਦੀ ਯੋਜਨਾ ਹੈ। ਉਹਨਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਪਰਹੇਜ਼ ਅਤੇ ਖਰਚੇ ਘਟਾਉਣ ਦੀ ਅਪੀਲ ਕਰਦਿਆਂ ਦੇਸ਼ ਦੇ ਆਦਰਸ਼ ਨਾਗਰਿਕ ਬਣਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਡਾ. ਅਮਰਜੀਤ ਕੌਰ ਕੋਟਫੱਤਾ ਨੇ ਮੁਖ ਮਹਿਮਾਨ ਅਤੇ ਹਾਜ਼ਰੀਨ ਨੂੰ ਹਾਰਦਿਕ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ 16 ਜਿਲਿਆਂ ਦੀਆਂ 500 ਦੇ ਕਰੀਬ ਖਿਡਾਰਨਾਂ ਭਾਗ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਬਠਿੰਡਾ ਜਿਲ੍ਹੇ ਦੇ ਕੋਮਾਂਤਰੀ ਪੱਧਰ ਤੇ ਜ਼ਿਕਰਯੋਗ ਸਥਾਨ ਹੈ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਰਘੁਬੀਰ ਚੰਦ ਸ਼ਰਮਾ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖਦਿਆਂ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਸ੍ਰੀਮਤੀ ਪਵਿੱਤਰ ਕੌਰ ਏ.ਈ.ੳ (ਸਟੇਟ ਐਵਾਰਡੀ) ਨੇ ਸਭਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਖਿਡਾਰੀਆਂ ਅਤੇ ਅਫਸਰਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਉਦਘਾਟਨੀ ਸਮਾਗਮ ਦਾ ਮੰਚ ਸੰਚਾਲਣ ਹਰਮੰਦਰ ਸਿੰਘ, ਮਨਦੀਪ ਕੌਰ ਅਤੇ ਬਲਕਰਨ ਬੱਲ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਉਹਨਾਂ ਤੋਂ ਇਲਾਵਾ ਰਜਿੰਦਰ ਸਿੰਘ, ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ), ਹਰਨੇਕ ਸਿੰਘ ਉਪ ਜਿਲਾ ਸਿੱਖਿਆ ਅਫਸਰ, ਡਾ. ਰਵਿੰਦਰ ਸਿੰਘ ਮਾਨ ਪ੍ਰਧਾਨ ਰਾਸ਼ਾ-ਪੰਜਾਬ, ਹਰਚਰਨ ਸਿੰਘ ਬਰਾੜ ਕੁਆਰਡੀਨੇਟਰ ਰਸਮਾ, ਬਲਜੀਤ ਸਿੰਘ ਸੰਦੋਹਾ ਡੀ.ਐਸ.ਐਸ. ਕਮਲੇਸ਼ ਸ਼ਰਮਾ ਕੁਆਰਡੀਨੇਟਰ ਨਿਰੀਖਣ, ਅਮਰਦੀਪ ਸਿੰਘ, ਮਹਿੰਦਰਪਾਲ, ਪ੍ਰਿਸੀਪਲ ਕਰਮਜੀਤ ਸਿੰਘ ਸਕੱਤਰ, ਟੂਰਨਾਮੈਂਟ ਕਮੇਟੀ, ਕ੍ਰਿਸ਼ਨ ਗੋਪਾਲ, ਸ਼ੇਰ ਸਿੰਘ ਗੁਰਮੀਤ ਸਿੰਘ ਭਲਾਈਆਣਾ ਆਦਿ ਹਾਜ਼ਰ ਸਨ। ਪ੍ਰੈਸ ਕਮੇਟੀ ਦੇ ਇੰਚਾਰਜ਼ ਸੁਰਿੰਦਰਪ੍ਰੀਤ ਘਣੀਆਂ, ਰਾਧੇ ਸ਼ਿਆਮ ਚਨਾਰਥਨ ਅਤੇ ਬਲਵੀਰ ਸਿੱਧੂ ਜੰਗੀਰਾਣਾ ਅਨੁਸਾਰ ਅੱਜ ਦੇ ਮੁਕਾਬਲਿਆਂ ਵਿੱਚ 17 ਸਾਲ ਤੋਂ ਘੱਟ 61 ਕਿਲੋਗ੍ਰਾਮ ਭਾਰ ਵਰਗ ਚੋਂ ਅਰਸ਼ਪ੍ਰੀਤ ਕੌਰ ਜਿਲ੍ਹਾ ਜਲੰਧਰ ਨੇ ਪਹਿਲਾ ਅਤੇ ਦੂਸਰਾ ਸਥਾਨ ਜੋਤੀ ਵਸ਼ਿਸਟ ਐਸ.ਏ.ਐਸ ਨਗਰ-ਮੋਹਾਲੀ ਤੇ ਤੀਜਾ ਸਥਾਨ ਅੰਜਲੀ ਸ਼ਰਮਾ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ।14 ਸਾਲ ਤੋਂ ਘੱਟ ਉਮਰ ਗਰੁੱਪ ਅਤੇ 23 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਮੁਕਾਬਲਿਆਂ ਵਿੱਚ ਨਵਜੋਤ ਕੌਰ ਜਿਲਾ ਮਾਨਸਾ ਨੇ ਪਹਿਲਾ ਅਤੇ ਪਟਿਆਲਾ ਜਿਲ੍ਹੇ ਦੀ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਬਠਿੰਡੇ ਜਿਲ੍ਹੇ ਦੀ ਪਲਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 14 ਸਾਲ ਤੋਂ ਘੱਟ ਉਮਰ ਦੇ ਵਰਗ ਅਤੇ 27 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਦੇ ਮੁਕਾਬਲੇ ਚੋਂ ਕਿਰਨਦੀਪ ਕੌਰ ਜਿਲ੍ਹਾ ਤਰਨਤਾਰਨ ਨੇ ਪਹਿਲਾ ਅਤੇ ਹੇਮਾ ਜਿਲਾ ਜਲੰਧਰ ਦੀ ਨੇ ਦੂਸਰਾ ਸਥਾਨ ਅਤੇ ਕੋਮਲ ਕੁਮਾਰੀ ਅੰਮ੍ਰਿਤਰਸਰ ਅਤੇ ਸਿਮਰਨ ਕੌਰ ਪਟਿਆਲਾ ਦੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਹ ਜਾਣਕਾਰੀ ਗੁਲਸ਼ਨ ਕੁਮਾਰ ਅਤੇ ਜਸਵਿੰਦਰ ਸਿੰਘ ਡੀ.ਪੀ.ਈ. ਨੇ ਅਧਿਕਾਰਤ ਤੌਰ ਤੇ ਦਿੱਤੀ। ਖ਼ਬਰ ਲਿਖਣ ਸਮੇਂ ਹੋਰ ਬਾਊਟਾਂ ਦੇ ਮੁਕਾਬਲੇ ਜਾਰੀ ਸਨ।
Punjab Post Daily Online Newspaper & Print Media