ਪਿੰਡ ਮਰੜੀ ਕਲਾਂ ਵਿੱਚ ਕਾਰਗਿਲ ਸ਼ਹੀਦ ਜਸਕਰਨ ਸਿੰਘ ਦੀ 16ਵੀਂ ਬਰਸੀ ਮੌਕੇ ਸ਼ਹੀਦ ਦੀ ਸਮਾਰਕ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ
ਮਜੀਠਾ (ਅੰਮ੍ਰਿਤਸਰ), 19 ਦਸੰਬਰ (ਗੁਰਚਰਨ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬਾਨ ਤੋਂ ਹੀ ਸਾਨੂੰ ਸ਼ਹੀਦੀ ਦੀ ਗੁੜ੍ਹਤੀ ਵਿਰਸੇ ਵਿੱਚ ਮਿਲੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਖਾਤਿਰ ਕੁਰਬਾਨ ਹੋਏ ਸ਼ਹੀਦਾਂ ਨੂੰ ਕਿਸੇ ਮਜ਼੍ਹਬ ਅਤੇ ਪਾਰਟੀਆਂ ਵਿੱਚ ਨਹੀਂ ਵੰਡਿਆ ਜਾਣਾ ਚਾਹੀਦਾ। ਸ: ਮਜੀਠੀਆ ਅੱਜ ਇੱਥੇ ਪਿੰਡ ਮਰੜੀ ਕਲਾਂ ਵਿਖੇ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਜੰਮੂ ਐਡ ਕਸ਼ਮੀਰ ਰਾਈਫ਼ਲ ਦੇ ਸਿਪਾਹੀ ਸ: ਜਸਕਰਨ ਸਿੰਘ ਮਰੜੀ ਦੀ ੧੬ਵੀਂ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਕਰਾਏ ਗਏ ਸਮਾਗਮ ਦੌਰਾਨ ਹਾਜ਼ਰੀ ਭਰਨ ਅਤੇ ਸ਼ਹੀਦ ਦੀ ਸਮਾਰਕ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕਰਨ ਆਏ ਸਨ।ਉਹਨਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਗਿਣਤੀ ਸਿਰਾਂ ਨਾਲ ਨਹੀਂ ਸਗੋਂ ਉਹਨਾਂ ਵੱਲੋਂ ਇਨਸਾਫ਼, ਹੱਕ ਸੱਚ, ਦੂਜੇ ਧਰਮਾਂ ਖ਼ਾਤਰ ਅਤੇ ਸਰਬ ਸਾਂਝੀਵਾਲਤਾ ਲਈ ਕੀਤੀਆਂ ਗਈਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ੮੦ ਫੀਸਦੀ ਕੁਰਬਾਨੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਦੀਆਂ ਸ਼ਹਾਦਤਾਂ ਸਦਕਾ ਸਾਨੂੰ ਅੱਜ ਆਜ਼ਾਦੀ ਦਾ ਨਿੱਘ ਮਾਣਨ ਦਾ ਅਵਸਰ ਮਿਲ ਰਿਹਾ ਹੈ ਉਹਨਾਂ ਦੇ ਸਤਿਕਾਰ ਅਤੇ ਯਾਦ ਵਿੱਚ ਸਮਾਗਮ ਰਚਾਉਣੇ ਚਾਹੀਦੇ ਹਨ। ਇਸ ਮੌਕੇ ਉਹਨਾਂ ਸ਼ਹੀਦ ਦੇ ਪਿਤਾ ਸ: ਬਚਨ ਸਿੰਘ ਨੂੰ ਸਨਮਾਨਿਤ ਕੀਤਾ। ਉਹਨਾਂ ਅੱਜ ਸ਼ਹੀਦ ਜਸਕਰਨ ਸਿੰਘ ਦੀ ਯਾਦ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਲਈ ੩੫ ਲੱਖ ਰੁਪੈ ਦੀ ਗ੍ਰਾਂਟ ਦਿੱਤੀ ਅਤੇ ਪਿੰਡ ਦੀ ਫਿਰਨੀ ਅਤੇ ਗਲੀਆਂ ਪੱਕੀਆਂ ਕਰਨ ਲਈ ਨੀਂਹ ਪੱਥਰ ਵੀ ਰੱਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਜਿਸ ਲਈ ਉਹਨਾਂ ਪਿਛਲੇ ਦਿਨਾਂ ਦੌਰਾਨ ਕਈ ਵਾਰ ਨਾਕਾਮ ਕੋਸ਼ਿਸ਼ਾਂ ਕੀਤੀਆਂ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਵੱਲੋਂ ਧਰਮ ਦੇ ਨਾਮ ‘ਤੇ ਲਾਂਬੂ ਲਾਕੇ ਰਾਜ ਵਿੱਚ ਅਰਾਜਕਤਾ ਫੈਲਾਉਣ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਰਾਜ ਵਿੱਚ ਸਦਭਾਵਨਾ ਵਾਲਾ ਮਾਹੌਲ ਅਤੇ ਅਮਨ ਸ਼ਾਂਤੀ ਰਹੀ ਹੈ ਜਿਸ ਕਾਰਨ ਪੂੰਜੀ ਨਿਵੇਸ਼ ਹੋਇਆ ਹੈ ਅਤੇ ਵਿਕਾਸ ਤੇ ਤਰੱਕੀ ਹੋਈ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸੀ ਮਹਾ ਗਠਬੰਧਨ ਬਾਰੇ ਗਲ ਕਰਨ ਤੋਂ ਹੀ ਇਹ ਪਕਾ ਹੋ ਚੁੱਕਿਆ ਹੈ ਕਿ ਕਾਂਗਰਸ ਪੰਜਾਬ ਵਿੱਚ ਫੌੜ੍ਹੀਆਂ ਦੇ ਸਹਾਰੇ ਚਲਣਾ ਚਾਹੁੰਦੀ ਹੈ, ਜਿਸ ਤੋਂ ਉਹਨਾਂ ਦੀ ਨਾਕਾਮੀ ਜ਼ਾਹਿਰ ਹੁੰਦੀ ਹੈ। ਉਹਨਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੋਕਪਾਲ ਦੇ ਦਾਇਰੇ ‘ਚ ਲਿਆਉਣ ਦੀ ਮੰਗ ਕਰਨ ਵਾਲਾ ਕੇਜਰੀਵਾਲ ਦਿਲੀ ਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਵਿਖੇ ਸੀਬੀਆਈ ਛਾਪੇ ਨਾਲ ਤਿਲ ਮਿਲਾ ਗਏ ਹਨ ਅਤੇ ਆਪਣੇ ਅਜ਼ੀਜ਼ ਅਧਿਕਾਰੀ ਦਾ ਪੱਖ ਪੂਰਨ ਨਾਲ ੇ ਕੇਜਰੀਵਾਲ ਦਾ ਅਸਲ ਚਿਹਰਾ ਵੀ ਲੋਕਾਂ ਦੇ ਸਾਹਮਣੇ ਆਚੁਕਿਆ ਹੈ ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਕੱਤਰ, ਪ੍ਰਭਦਿਆਲ ਸਿੰਘ ਪੰਨਵਾਂ, ਬਾਵਾ ਸਿੰਘ ਮਰੜੀ ਸਰਪੰਚ, ਸਤਬੀਰ ਸਿੰਘ ਲਾਲੀ, ਮਲਕੀਤ ਸਿੰਘ ਸ਼ਾਮ ਨਗਰ, ਦੁਪਿੰਦਰ ਸਿੰਘ, ਬਲਵਿੰਦਰ ਸਿੰਘ ਬਲੋਵਾਲੀ, ਬੀਡੀਓ ਜ਼ੀਨਤ ਖਹਿਰਾ, ਹਰਦੇਵ ਸਿੰਘ , ਗੁਰਭੇਜ ਸਿੰਘ ਸ਼ਾਮ ਨਗਰ, ਮਾਸਟਰ ਸਤਨਾਮ ਸਿੰਘ , ਹਰਭਜਨ ਸਿੰਘ ਸੈਕਟਰੀ, ਮੰਗਲ ਸਿੰਘ , ਹਰਪਾਲ ਸਿੰਘ ਨੰਬਰਦਾਰ, ਬੀਬੀ ਦਲਬੀਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media
