Tuesday, September 29, 2026

ਪਿੰਡ ਅਨਾਇਤਪੁਰਾ ਤੇ ਧਰਮਪੁਰਾ ਨੂੰ ਵਿਕਾਸ ਕਾਰਜਾਂ ਲਈ ਸz. ਮਜੀਠੀਆ ਨੇ ੩੫ ਲੱਖ ਦੀ ਦਿੱਤੀ ਗ੍ਰਾਂਟ

PPN2312201518ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)-ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸੰਵੇਦਨਸ਼ੀਲ ਮੁੱਦਿਆਂ ਨੂੰ ਬੇਲੋੜਾ ਤੂਲ ਦੇ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਵਿੱਚ ਹਨ, ਪਰ ਰਾਜ ਦੀ ਸੂਝਵਾਨ ਜਨਤਾ ਉਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਉਹ ਆਉਂਦੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਮੁੜ ਬਾਹਰ ਦਾ ਰਸਤਾ ਦਿਖਾਏਗੀ।
ਸ: ਮਜੀਠੀਆ ਅੱਜ ਇੱਥੇ ਪਿੰਡ ਅਨਾਇਤਪੁਰਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 25 ਲੱਖ ਰੁਪੈ ਅਤੇ ਧਰਮਪੁਰਾ ਨੂੰ 10 ਲਖ ਰੁਪੈ ਦੀ ਗ੍ਰਾਂਟ ਦੇਣ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪੰਜਾਬ ਵਿੱਚ ਕਰਵਾਏ ਲਾ ਮਿਸਾਲ ਵਿਕਾਸ ਅੱਗੇ ਸਾਰੀਆਂ ਸਿਆਸੀ ਧਿਰਾਂ ਬੌਣੀਆਂ ਹੋ ਕੇ ਰਹਿ ਗਈਆਂ ਹਨ ਅਤੇ ਹੁਣ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਹਾਲਾਤ ਵਿਗਾੜ ਕੇ ਆਪਣੇ ਇੱਕ ਨੁਕਾਤੀ ਪ੍ਰੋਗਰਾਮ ‘ਰਾਜ ਸੱਤਾ ‘ਤੇ ਕਾਬਜ਼ ਹੋਣ’ ਲਈ ਅੱਕੀ ਪਲਾਹੀ ਹੱਥ-ਪੈਰ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਹਨ ਅਤੇ ਇਨ੍ਹਾਂ ਧਿਰਾਂ ਨੂੰ ਮੂੰਹ ਨਹੀਂ ਲਾਉਣਗੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਇੱਕ ਮਾਡਲ ਸੂਬੇ ਵਜੋਂ ਵਿਕਸਤ ਕਰਨ ਦਾ ਤਹੱਈਆ ਕੀਤਾ ਹੋਇਆ ਹੈ ਅਤੇ ਰਾਜ ਵਿੱਚ ਤੇਜ਼ੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਪਿੱਛੋਂ ਪੰਜਾਬ ਹਰ ਖੇਤਰ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਦੀ ਸੂਚੀ ਵਿੱਚ ਸ਼ੁਮਾਰ ਹੋ ਜਾਵੇਗਾ। ਵਿਰੋਧੀ ਪਾਰਟੀਆਂ ਵੱਲੋਂ ਮਹਾਂਗਠਜੋੜ ਦੀ ਚਰਚਾ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੂਬੇ ਵਿੱਚ ਕਰੀਬ ਇੱਕ ਦਹਾਕੇ ਤੋਂ ਲਿਆਂਦੀ ਵਿਕਾਸ ਦੀ ਹਨੇਰੀ ਅੱਗੇ ਕੋਈ ਵੀ ਗੱਠਜੋੜ ਟਿਕ ਨਹੀਂ ਪਾਏਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਲਏ ਗਏ ਲੋਕ ਪੱਖੀ ਫ਼ੈਸਲੇ ਆਮ ਜਨਤਾ ਲਈ ਵਰਦਾਨ ਸਾਬਤ ਹੋਣਗੇ, ਜਿਨ੍ਹਾਂ ਵਿੱਚ 50 ਹਜ਼ਾਰ ਰੁਪਏ ਦਾ ਮੁਫ਼ਤ ਇਲਾਜ, ਬੁਢਾਪਾ ਪੈਨਸ਼ਨ ਦੁੱਗਣੀ ਕਰਨੀ, ਨੰਬਰਦਾਰਾਂ ਦਾ ਮਾਣ ਭੱਤੇ ਵਿੱਚ ਵਾਧਾ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਆਦਿ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਸੰਤੋਖ ਸਿੰਘ ਸਮਰਾ, ਯੋਧ ਸਿੰਘ ਸਮਰਾ, ਐਸਡੀਐਮ ਸ੍ਰੀ ਰੋਹਿਤ ਗੁਪਤਾ, ਪ੍ਰੋ. ਸਰਚਾਂਦ ਸਿੰਘ, ਤਹਿਸੀਲਦਾਰ ਜੋਗਿੰਦਰਪਾਲ ਸਲਵਾਨ, ਗਗਨਦੀਪ ਸਿੰਘ ਭਕਨਾ,ਬੱਬੀ ਭੰਗਵਾਂ, ਬੀਡੀਓ ਜ਼ੀਨਤ ਖਹਿਰਾ, ਅਮਰੀਕ ਸਿੰਘ, ਸਰਪੰਚ ਨਿਰਮਲ ਸਿੰਘ, ਮਾਸਟਰ ਸਰਵਨ ਸਿੰਘ, ਗੁਰਮੇਜ ਸਿੰਘ, ਲਖਬੀਰ ਸਿੰਘ, ਜਗੀਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸਰਪੰਚ ਬੀਬੀ ਪ੍ਰਵੀਨ ਕੌਰ, ਬਲਬੀਰ ਸਿੰਘ, ਦਰਸ਼ਨ ਸਿੰਘ , ਰਮਨ ਸਿੰਘ, ਦਲਬੀਰ ਸਿੰਘ, ਅਰਜਨ ਸਿੰਘ, ਅਮਰਜੀਤ ਸਿੰਘ ਵੀਰਮ ਆਦਿ ਸ਼ਖਸੀਅਤਾਂ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply