Tuesday, March 24, 2026

ਮੌਤ ਦਾ ਸਰਟੀਫਿਕੇਟ ਜਾਰੀ ਹੋਣ ਆਪਣੇ ਆਪ ਚੋਣ ਸੂਚੀ ਵਿਚੋਂ ਨਾਂ ਕੱਟਿਆ ਜਾਵੇਗਾ- ਭਾਰਤੀ ਚੋਣ ਕਮਿਸ਼ਨ

PPN2912201508

ਅੰਮ੍ਰਿਤਸਰ, 29 ਦਸੰਬਰ (ਗੁਰਚਰਨ ਸਿੰਘ)- ਭਾਰਤੀ ਚੋਣ ਕਮਿਸ਼ਨ ਨੇ ਅੱਜ ਇੱਥੇ ਐਲਾਨ ਕੀਤਾ ਕਿ ਹਰੇਕ ਜ਼ਿਲ੍ਹੇ ਦੇ ਮੌਤ ਅਤੇ ਜਨਮ ਰਜਿਸਟਰਾਰ ਨੂੰ ਭਾਰਤੀ ਚੋਣ ਕਮਿਸ਼ਨ ਨਾਲ ਜੋੜਨ ਦੇ ਕੌਮੀ ਪੱਧਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਇਸ ਰਾਹੀਂ ਮੌਤ ਦਾ ਸਰਟੀਫਿਕੇਟ ਜਾਰੀ ਹੋਣ ਨਾਲ ਆਪਣੇ ਆਪ ਚੋਣ ਸੂਚੀ ਵਿਚੋਂ ਸਬੰਧਤ ਵਿਅਕਤੀ ਦਾ ਨਾਂ ਕੱਟ ਦਿੱਤਾ ਜਾਇਆ ਕਰੇਗਾ। ਇਸ ਨਾਲ ਨਾ ਤਾਂ ਵੋਟਾਂ ਦੀ ਡੁਪਲੀਕੇਸੀ ਹੋਵੇਗੀ ਅਤੇ ਨਾ ਹੀ ਨਾਜਾਇਜ਼ ਵੋਟਾਂ ਬਣਨਗੀਆਂ।
ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਥੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਸ੍ਰੀ ਨਸੀਮ ਜ਼ੈਦੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੋਟ ਕੱਟਣ ਦੀ ਜ਼ਿੰਮੇਵਾਰੀ ਸਿਰਫ ਸਬੰਧਤ ਵਿਅਕਤੀ ਦੇ ਪਰਿਵਾਰ ਉੱਤੇ ਨਹੀਂ ਛੱਡੀ ਜਾ ਸਕਦੀ ਅਤੇ ਇਸ ਨੂੰ ਆਟੋਮੈਟਿਕ ਸਿਸਟਮ ਨਾਲ ਜੋੜ ਕੇ ਮੌਜੂਦਾ ਤਕਨਾਲੋਜੀ ਦਾ ਸਹਾਰਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਤੇ ਪੰਜਾਬ ਤੋਂ ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਹ ਤਕਨੀਕ ਰਾਜ ਦੇ ਈ-ਡਿਸਟਰਿਕ ਪ੍ਰੋਗਰਾਮ ਰਾਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਜੇਕਰ ਕਾਮਯਾਬੀ ਮਿਲਦੀ ਹੈ ਤਾਂ ਇਸ ਨੂੰ ਦੇਸ਼ ਦੇ ਬਾਕੀ ਹਿੱਸਿਆ ਵਿਚ ਵੀ ਸ਼ੁਰੂ ਕੀਤਾ ਜਾਵੇਗਾ।
ਸਿਆਸੀ ਪਾਰਟੀਆਂ ਵੱਲੋਂ ਚੋਣ ਸੂਚੀਆਂ ਵਿਚੋਂ ਗਲਤ ਨਾਂ ਕੱਟਣ ਦੇ ਮੁੱਦਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਸਾਰੇ ਰਿਟਰਨਿੰਗ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਨਾਂ ਕੱਟਣ ਤੋਂ ਪਹਿਲਾਂ ਸਬੰਧਤ ਵੋਟਰ ਦੇ ਰਿਹਾਇਸ਼ੀ ਪਤੇ ‘ਤੇ ਉਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦਾ ਜਵਾਬ ਨਾ ਮਿਲਣ ਜਾਂ ਕੋਈ ਵਿਰੋਧੀ ਨਾ ਕੀਤੇ ਜਾਣ ਤੋਂ ਬਾਅਦ ਹੀ ਰਿਟਰਨਿੰਗ ਅਫਸਰ ਵੱਲੋਂ ਉਸਦਾ ਨਾਂ ਕੱਟਿਆ ਜਾਵੇ ਅਤੇ ਨਾਂ ਕੱਟੇ ਜਾਣ ਬਾਰੇ ਪੰਚਾਇਤ ਘਰ, ਬਲਾਕ ਦਫਤਰ, ਸਾਂਝੀਆਂ ਥਾਂਵਾਂ, ਸਮੁਦਾਇਕ ਕੇਂਦਰਾਂ ਅਤੇ ਹੋਰ ਜਨਤਕ ਥਾਂਵਾਂ ‘ਤੇ ਇਸ ਸਬੰਧੀ ਨੋਟਿਸ ਲਾਇਆ ਜਾਵੇ ਤਾਂ ਜੋ ਸਬੰਧਤ ਵੋਟਰ ਨੂੰ ਵਿਰੋਧ ਕਰਨ ਦਾ ਪੂਰਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਉਹ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਤੱਥਯੁਕਤ ਅਤੇ ਗਲਤੀਆਂ ਰਹਿਤ ਬਣਾਵੇ। ਉਨ੍ਹਾਂ ਆਪਣੇ ਇਸ ਟੀਚੇ ਲਈ ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ।
ਸ੍ਰੀ ਜ਼ੈਦੀ ਨਾਲ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ. ਕੇ ਸਿੰਘ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ. ਬਖਤਾਵਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਦੂਰ ਬਣਾਉਣ ਦਾ ਮੁੱਦਾ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੁੱਕਿਆ ਸੀ ਅਤੇ ਚੋਣ ਕਮਿਸ਼ਨ ਅਜਿਹਾ ਨੀਤੀ ਤਿਆਰ ਕਰ ਰਹੀ ਹੈ ਜਿਸ ਰਾਹੀਂ ਸਾਰੇ ਪੋਲਿੰਗ ਸਟੇਸ਼ਨ ਵੋਟਰ ਦੇ ਘਰ ਤੋਂ ਦੋ ਕਿਲੋਮੀਟਰ ਦੇ ਘੇਰੇ ਵਿਚ ਰੱਖੇ ਜਾਣਗੇ।
ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਦੇ ਸਾਰੇ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਚੋਣ ਕਮਿਸ਼ਨ ਕੈਂਪਸ ਅੰਬੈਸਡਰਾਂ ਰਾਹੀਂ ਇਕ ਮੁਹਿੰਮ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ 18 ਸਾਲ ਵਾਲੇ ਸਾਰੇ ਮੁੰਡੇ-ਕੁੜੀਆਂ ਆਪਣੀਆਂ ਵੋਟਾਂ ਬਣਾ ਸਕਣ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ ਦੀ ਇਸ ਗੱਲੋਂ ਤਾਰੀਫ ਕੀਤੀ ਕਿ ਇੱਥੇ 100 ਫੀਸਦੀ ਫੋਟੋ ਵੋਟਰ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵੀਆਂ ਵੋਟਰ ਸੂਚੀਆਂ 11 ਜਨਵਰੀ 2016 ਨੂੰ ਛਪਣਗੀਆਂ ਜਿਸ ਵਿਚ ਪੰਜਾਬ ਦੇ 72000 ਨਵੇਂ ਵੋਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੌਮੀ ਵੋਟਰ ਸਰਵਿਸ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2017 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਇਸ ਵਾਰ ਵੋਟਰ ਸੂਚੀ ਵਿਚ ਸ਼ਾਮਿਲ ਹੋਣੋਂ ਰਹਿ ਗਏ ਹਨ, ਉਨ੍ਹਾਂ ਨੂੰ 2016 ਦੀ ਵੋਟਰ ਸੂਚੀ ਦੀ ਹੋਣ ਵਾਲੀ ਸੁਧਾਈ ਦੌਰਾਨ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply