Sunday, April 26, 2026

ਫ਼ੈਡਰੇਸ਼ਨ ਗਰੇਵਾਲ ਨੇ ਪੰਜ ਪਿਆਰੇ, ਸਿੰਘ ਸਾਹਿਬਾਨ ਅਤੇ ਜੱਥੇਦਾਰ ਮੱਕੜ ਨਾਲ ਕੀਤੀ ਮੀਟਿੰਗ

PPN3012201504

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਪਿੱਛਲੇ ਦਿਨਾਂ ਤੋਂ ਸਿੱਖ ਕੌਮ ਦੇ ਪੰਜ ਪਿਆਰੇ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵਿਚਕਾਰ ਚੱਲ ਰਿਹਾ ਟਕਰਾਅ ਮੁੜ ਤੋਂ ਫ਼ਿਰ ਸੁਰਖੀਆਂ ਵਿਚ ਆ ਚੁੱਕਾ ਹੈ।ਪੰਜ ਪਿਆਰੇ ਸਾਹਿਬਾਨ ਵਲੋਂ ਜਾਰੀ 2 ਜਨਵਰੀ ਤਰੀਕ ਦੀ ਡੈੱਡਲਾਈਨ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਪੰਥਕ ਸਰਗਰਮੀਆਂ ਤੇਜ ਹੋ ਗਈਆਂ ਦਿਖਾਈ ਦੇ ਰਹੀਆਂ ਹਨ।ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੀ ਆਪਣੇ ਸਕੱਤਰੇਤ ਵਿਚ ਇਸ ਸਬੰਧੀ ਸਰਗਰਮ ਦਿਖਾਈ ਦਿੱਤੇ।ਅੱਜ ਦਰਬਾਰ ਸਾਹਿਬ ਵਿਖੇ ਸਿੰਘ ਸਾਹਿਬਾਨ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਦੇ ਵਫ਼ਦ ਵਿਚਕਾਰ ਹੋਈ ਮੀਟਿੰਗ ਖਿੱਚ ਦਾ ਕੇਂਦਰ ਰਹੀ।ਜ਼ਿਕਰਯੋਗ ਹੈ ਕਿ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਸਾਥੀਆਂ ਸਮੇਤ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਫ਼ਿਰ ਮਾਤਾ ਗੰਗਾ ਜੀ ਨਿਵਾਸ ਵਿਖੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਸਤਨਾਮ ਸਿੰਘ ਨਾਲ ਇਕ ਲੰਬੀ ਬੰਦ ਕਮਰਾ ਮੀਟਿੰਗ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਮੱਕੜ ਨਾਲ ਵੀ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗਰੇਵਾਲ ਨੇ ਆਖਿਆ ਕਿ ਉਹ ਇਕ ਨਿਮਾਣੇ ਸਿੱਖ ਦੇ ਤੌਰ ‘ਤੇ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਵਿਚਕਾਰ ਦਿਖਾਈ ਦੇ ਰਹੇ ਟਕਰਾਅ ਤੋਂ ਡੂੰਘੇ ਚਿੰਤਤ ਹਨ ਅਤੇ ਇਸ ਨੂੰ ਹਰ ਹੀਲੇ ਟਾਲਣ ਲਈ ਆਪਣੀ ਨਿਮਾਈ ਕੋਸ਼ਿਸ਼ ਕਰਨ ਆਏ ਹਨ।ਉਨ੍ਹਾਂ ਸਿੱਖ ਜੱਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਅੱਗੇ ਹੋ ਕੇ ਆਪਣਾ ਬਣਦਾ ਫ਼ਰਜ ਅਦਾ ਕਰਨ ਅਤੇ ਇਸ ਉਪਜੇ ਧਰਮ ਸੰਕਟ ਵਿੱਚੋਂ ਕੌਮ ਨੂੰ ਬਾਹਰ ਕੱਢਣ ਦਾ ਯੋਗ ਉਪਰਾਲਾ ਕਰਨ।ਇਸ ਮੌਕੇ ਭਾਈ ਗਰੇਵਾਲ ਦੇ ਨਾਲ ਫ਼ੈਡਰੇਸ਼ਨ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ, ਗੁਰਬਖਸ਼ ਸਿੰਘ ਸੇਖੋਂ, ਸੁਖਦੀਪ ਸਿੰਘ ਸਿੱਧਵਾਂ, ਸਰਵਣ ਸਿੰਘ ਮਾਹਲ, ਬਲਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply