Wednesday, February 25, 2026

 ਪੰਜ ਪਿਆਰਿਆਂ ਦੇ ਆਦੇਸ਼ ਮਾਮਲੇ ‘ਚ ਬੀਬੀ ਕਿਰਨਜੋਤ ਕੌਰ ਨੇ ਲਿਖੀ ਖੁੱਲ੍ਹੀ ਚਿੱਠੀ

KIranJot Kaur

ਪ੍ਰਧਾਨ ਜੀ ਅਤੇ ਸਮੂਹ ਅੰਤਿ੍ਰੰਗ ਕਮੇਟੀ ਮੈਂਬਰ,

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹੁ॥

ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਸਮਾਂ ਆਵੇਗਾ ਜਦੋਂ ਪ੍ਰਧਾਨ ਅਤੇ ਅੰਤ੍ਰਿਗ ਕਮੇਟੀ ਸ਼੍ਰੋਮਣੀ ਕਮੇਟੀ ਨੂੰ ਪੰਥਕ ਸੰਸਥਾ ਅਤੇ ਪੰਥਕ ਮਰਿਆਦਾ ਬਚਾਉਣ ਲਈ ਬੇਨਤੀ ਕਰਨ ਦੀ ਲੋੜ ਪਵੇਗੀ।ਪੰਥਕ ਸਿਧਾਂਤ, ਪੰਥਕ ਮਰਿਆਦਾ ਅਤੇ ਪੰਥਕ ਸੰਸਥਾਵਾਂ ‘ਤੇ ਪਹਿਰਾ ਦੇਣ ਲਈ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ। ਜੇ ਇਹ ਮੁੱਦਾ ਅਖ਼ਬਾਰਾਂ ਦੀ ਸੁਰਖੀਆਂ ਵਿਚ ਨਾ ਹੁੰਦਾ ਤਾਂ ਇਸ ਖੁੱਲ੍ਹੇ ਪੱਤਰ ਦੀ ਲੋੜ ਨਹੀਂ ਸੀਂ, ਅੰਦਰ ਬੈਠ ਕੇ ਇਸ ਤੇ ਵਿਚਾਰ ਕੀਤੀ ਜਾ ਸਕਦੀ ਸੀ ਪਰ ਹੁਣ ਗ਼ੈਰ ਸਿੱਖਾਂ ਵਿਚ ਵੀ ਇਸ ਦੀ ਚਰਚਾ ਹੈ।ਕੱਲ੍ਹ ਮੈਨੂੰ ਸਿੰਘਾਪੁਰ ਅੰਬੈਸੀ ਦੇ ਇਕ ਅਫ਼ਸਰ ਦਾ ਪੱਤਰ ਮਿਲਿਆ ਜਿਸ ਨੇ ਸਿੱਖ ਸੰਸਥਾਵਾਂ ਬਾਰੇ ਕੱਝ ਜਾਣਕਾਰੀ ਹਾਸਲ ਕਰਨੀ ਸੀ।ਉਸ ਦਾ ਇਕ ਸਵਾਲ ਇਹ ਵੀ ਸੀ “ਸ਼੍ਰੋਮਣੀ ਕਮੇਟੀ ਨੇ ਕਿਸ ਅਧਿਕਾਰ ਨਾਲ ਪੰਜ ਪਿਆਰਿਆਂ ਨੂੰ ਅਕਤੂਬਰ 2015 ਵਿਚ ਸਸਪੈਂਡ ਕੀਤਾ?”

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਨੂੰ ਮੈਂ ਸਮਝਦੀ ਹਾਂ ਅਤੇ ਜਾਣਦੀ ਹਾਂ ਕਿ “ਪੰਜ ਪਿਆਰੇ” ਇਕ ਅਹੁੱਦਾ ਹੈ, ਜਿਸ ਤਹਿਤ ਕੇਵਲ ਅੰਮ੍ਰਿਤ ਛਕਾਉਣ ਦੀ ਡਿਊਟੀ ਇਨ੍ਹਾਂ ਪੰਜ ਸਿੰਘਾਂ ਨੂੰ ਦਿੱਤੀ ਗਈ ਹੈ। ਇਸ ਡਿਊਟੀ ਦੇ ਇਵਜ਼ ਵਿਚ ਉਨ੍ਹਾਂ ਨੂੰ ਸੇਵਾ-ਫਲ ਅਤੇ ਹੋਰ ਮੁਲਾਜ਼ਮਾਂ ਵਾਂਗ ਸਹੂਲਤਾਂ ਮਿਲਦੀਆਂ ਹਨ।ਜੇ “ਪੰਜ ਪਿਆਰਿਆਂ” ‘ਚੋਂ ਕੋਈ ਕੋਤਾਹੀ ਕਰੇ ਤਾਂ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੇ ਵਿਰੁਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ।ਪਰ ਇਸ ਵਕਤ ਆਪਣੀ ਮਿਥੀ ਡਿਊਟੀ ਤੋਂ ਉਪਰ ਉਠ ਕੇ ਪੰਥਕ ਭਾਵਨਾਵਾਂ ਦੀ ਤਰਜੁਮਾਨੀ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ “ਪੰਜ ਪਿਆਰਿਆਂ” ਨੇ ਤਖ਼ਤਾਂ ਦੇ ਜਥੇਦਾਰਾਂ ਤੋਂ ਜੁਆਬ ਤਲਬੀ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ।ਚਾਰ ਤਖ਼ਤਾਂ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਤੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਡੇਰਾ ਸੌਦਾ ਦੇ ਸਾਧ ਨੂੰ ਇਕ ਚਿੱਠੀ ਦੇ ਅਧਾਰ ‘ਤੇ ਦੋਸ਼ ਮੁਕਤ ਕਰਾਰ ਦੇ ਦਿੱਤਾ। ਸਿੱਖ ਪੰਥ ਵਿਚ ਇਸ ਫ਼ੈਸਲੇ ਦਾ ਇਤਨਾ ਵਿਰੋਧ ਹੋਇਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲੇ ਦੀ ਹਮਾਇਤ ਵਿਚ ਸਾਰੀਆਂ ਅਖ਼ਬਾਰਾਂ ਵਿਚ ਜਥੇਦਾਰਾਂ ਦਾ ਫੈਸਲਾ ਮੰਨਣ ਲਈ ਵੱਡੇ ਵੱਡੇ ਇਸ਼ਤਿਹਾਰ ਦਿੱਤੇ।ਪਰ ਪੰਥਕ ਵਿਰੋਧ ਨਾ ਝੱਲਦੇ ਹੋਏ ਜਥੇਦਾਰਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ।ਅੰਤ੍ਰਿਮ ਕਮੇਟੀ ਨੇ ਇਸ਼ਤਿਹਾਰਾਂ ਦਾ 91 ਲੱਖ ਰੁਪੈ ਦੇ ਖਰਚ ਬਿਲ ਪਾਸ ਕੀਤੇ। ਕੌਮ ਦੇ ਸ਼ਰਧਾ ਨਾਲ ਗੁਰੂ ਘਰ ਨੂੰ ਅਰਪਾਨ ਕੀਤੇ 91 ਲੱਖ ਰੁਪੈ ਦੀ ਬਰਬਾਦੀ ਦਾ ਜੁੰਮੇਵਾਰ ਕੌਣ ਹੈ?

ਪੰਥਕ ਰਿਵਾਇਤ ਮੁਤਾਬਕ ਅਕਾਲ ਤਖ਼ਤ ਸਾਹਿਬ ਤੋਂ ਆਇਆ ਫੈਸਲਾ ਖਾਲਸਾ ਪੰਥ ਦੀ ਭਾਵਨਾ ਦੀ ਤਰਜ਼ਮਾਨੀ ਕਰਦਾ ਹੈ ਅਤੇ ਖਾਲਸਾ ਪੰਥ ਸ਼ਰਧਾ ਨਾਲ ਪ੍ਰਵਾਣ ਕਰਦਾ ਹੈ।ਇਹ ਕੋਈ ਸਰਕਾਰੀ ਅਦਾਰਾ ਨਹੀਂ, ਜੋ ਆਪਣਾ ਫੈਸਲਾ ਜੋਰ ਨਾਲ ਲੋਕਾਂ ਉਪਰ ਲਾਗੂ ਕਰਦਾ ਹੈ।ਹਾਲਾਤ ਐਸੇ ਹਨ ਕਿ ਪੁਲੀਸ ਅਤੇ ਟਾਸਕ ਫੋਰਸ ਦੇ ਘੇਰੇ ਤੋਂ ਬਗੈਰ ਜਥੇਦਾਰ ਸੰਗਤ ਵਿਚ ਜਾ ਨਹੀਂ ਸਕਦੇ, ਜਿਸ ਤੋਂ ਸ਼ਪੱਸ਼ਟ ਹੈ ਕਿ ੳਹ ਪੰਥ ਵਿਚ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ ਅਤੇ ਸਿੱਖ ਪੰਥ ਨੂੰ ਪ੍ਰਵਾਨ ਨਹੀਂ ਹਨ।ਹੁਣ ਉਨ੍ਹਾਂ ਨੂੰ ਆਪਣੇ ਅਹੁੱਦੇ ਉਪਰ ਬਣੇ ਰਹਿਣ ਦਾ ਕੀ ਇਖ਼ਲਾਕੀ ਹੱਕ ਹੈ?

ਜਥੇਦਾਰਾਂ ਦੀ ਭਰੋਸੇਯੋਗਤਾ ਖ਼ਤਮ ਹੋਣ ਨਾਲ “ਹੁਕਮਨਾਮਾ” ਅਤੇ “ਪੰਥਕ ਗੁਰਮਤਾ” ਦੀ ਸੰਸਥਾ ਵੀ ਖ਼ਤਰੇ ਵਿਚ ਪੈ ਗਈ ਹੈ।ਜਿਸ ਤਰੀਕੇ ਨਾਲ ਜਥੇਦਾਰ ਅਕਾਲ ਤਖ਼ਤ ਅਖ਼ਬਾਰਾਂ ਰਾਹੀਂ ਸਿੱਖ ਮਸਲਿਆਂ ਤੇ ਸੇਧ ਦੇ ਕੇ ਆਪਣੀ ਸ਼ਾਖ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਨੂੰ ਖ਼ਾਲਸਾ ਪੰਥ ਵਲੋਂ ਨਜ਼ਰਅੰਦਾਜ਼ ਕਰਨ ਦੀ ਜਿਆਦਾ ਸੰਭਾਵਨਾ ਬਣੀ ਹੋਈ ਹੈ।ਅਜਿਹਾ ਨਾ ਹੋਵੇ ਕਿ ਸਿੱਖ ਪੰਥ ਮੌਜੂਦਾ ਜਥੇਦਾਰਾਂ ਵਲੋਂ ਜਾਰੀ ਕੀਤੇ ਕਿਸੇ ਵੀ “ਗੁਰਮੱਤੇ” ਜਾਂ “ਹੁਕਮਨਾਮੇ” ਨੂੰ ਅਣਗੋਲਿਆਂ ਕਰੇ ਅਤੇ ਖ਼ਾਲਸਾ ਪੰਥ ਵਿਚ ਗ਼ਲਤ ਪਿਰਤ ਪੈ ਜਾਵੇ।

ਪੰਥਕ ਸਿਧਾਂਤ ਦੀ ਰੋਸਨੀ ਵਿਚ ਜਥੇਦਾਰਾਂ ਨੂੰ ਆਪ ਹੀ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਕੇ ਇਸ ਅਹੁੱਦੇ ਦਾ ਸਤਿਕਾਰ ਬਣਾਈ ਰੱਖਣਾ ਚਾਹੀਦਾ ਹੈ।ਜੇ ਜਥੇਦਾਰ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਦਾ ਸੁਰੱਖਿਆ ਘੇਰਾ ਖ਼ਤਮ ਕਰ ਕੇ ਉਨ੍ਹਾਂ ਨੂੰ ਆਪਣੇ ਬਲਬੂਤੇ ਸੰਗਤ ਵਿਚ ਵਿਚਰਣ ਲਈ ਕਿਹਾ ਜਾਵੇ।ਮੀਰੀ ਪੀਰੀ ਦੇ ਤਖ਼ਤ ਦੇ ਮੁੱਖ ਸੇਵਾਦਾਰ ਨੂੰ ਜੇ ਖ਼ਾਲਸਾ ਪੰਥ ਤੋਂ ਹੀ ਖ਼ਤਰਾ ਹੈ ਤਾਂ ਉਹ ਖ਼ਾਲਸਾ ਪੰਥ ਨੂੰ ਕੀ ਸੇਧ ਦੇਣਗੇ?

ਅਜਿਹੇ ਮੁਸ਼ਕਲ ਹਾਲਾਤ ਵਿਚ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਨੇ ਕੌਮ ਦੀ ਭਾਵਨਾ ਦੀ ਤਰਜ਼ਮਾਨੀ ਕਰਦਿਆਂ “ਪੰਜ ਪਿਆਰੇ” ਸੰਸਥਾ ਤੋਂ ਸੇਧ ਲੈਂਦਿਆਂ ਚਾਰ ਤਖ਼ਤਾਂ ਦੇ ਜਥੇਦਾਰ ਅਤੇ ਇਕ ਤਖ਼ਤ ਦੇ ਗ੍ਰੰਥੀ ਨੂੰ ਡੇਰਾ ਸੌਦਾ ਦੇ ਸਾਧ ਸਬੰਧੀ ਘਟਨਾਕ੍ਰਮ ਦਾ ਸਪੱਸ਼ਟੀਕਰਨ ਦੇਣ ਦਾ ਹੁਕਮ ਕੀਤਾ।ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਕੋਲੋਂ ਸ਼ਪਸਟੀਕਰਨ ਮੰਗਿਆ ਹੁੰਦਾ ਜਾਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ “ਪੰਜ ਪਿਆਰਿਆਂ” ਨੂੰ ਅਜਿਹਾ ਕਦਮ ਚੁੱਕਣ ਦੀ ਲੋੜ ਨਹੀਂ ਸੀ।ਗ਼ੈਰ-ਮਾਮੂਲੀ ਹਾਲਾਤ ਵਿਚ ਗ਼ੈਰ ਮਾਮੂਲੀ ਹੱਲ ਸਾਹਮਣੇ ਆ ਜਾਂਦੇ ਹਨ ।

“ਪੰਜ ਪਿਆਰੇ” ਦੀ ਸੰਸਥਾ ਸ਼੍ਰੋਮਣੀ ਕਮੇਟੀ ਨਜ਼ਰਅੰਦਾਜ਼ ਨਹੀਂ ਕਰ ਸਕਦੀ।ਸ਼੍ਰੋਮਣੀ ਕਮੇਟੀ ਵਿਚ ਸ਼ਾਮਲ ਹੋਣ ਲਈ ਪਹਿਲਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਹੀ ਖ਼ਾਲਸਾ ਪੰਥ ਦਾ ਹਿੱਸਾ ਬਣ ਕੇ ਸ਼੍ਰੋਮਣੀ ਕਮੇਟੀ ਵਿਚ ਸੇਵਾ ਕੀਤੀ ਜਾ ਸਕਦੀ ਹੈ।

ਮੌਜੂਦਾ ਹਾਲਾਤ ਵਿਚ ਚਾਰ ਤਖ਼ਤਾਂ ਦੇ ਮੁੱਖ ਸੇਵਾਦਾਰ ਅਤੇ ਹਜ਼ੂਰ ਸਾਹਿਬ ਦੇ ਗ੍ਰੰਥੀ (ਜੋ ਡੇਰਾ ਸੌਦਾ ਦੇ ਸਾਧ ਨੂੰ ਮੁਆਫ ਕਰਨ ਦੇ ਫੈਸਲੇ ਵਿਚ ਸ਼ਾਮਿਲ ਸਨ) ਨੂੰ ਆਪਣੀ ਭੁੱਲ ਬਖਸ਼ਾਉਣ ਲਈ “ਪੰਜ ਪਿਆਰਿਆਂ” ਦੇ ਸਨਮੁੱਖ ਪੇਸ਼ ਹੋਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਹੁੰਦਾ ਅਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਿਰੁਧ ਕੋਈ ਵੀ ਪ੍ਰਬੰਧਕੀ ਕਾਰਵਾਈ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਦੀ ਪੰਥਕ ਸਿਧਾਂਤਾਂ ਤੇ ਪਹਿਰਾ ਦੇਣ ਦੀ ਭਰੋਸੇ ਯੋਗਤਾ ਨੂੰ ਭਾਰੀ ਠੇਸ ਵੱਜੇਗੀ।

“ਪੰਜ ਪਿਆਰੇ” ਵਾਲੇ ਅਹੁਦੇ ‘ਤੇ ਕੋਈ ਵੀ ਕਾਰਵਾਈ ਦਾ ਵਿਚਾਰ ਉਸ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।

ਪੰਥ ਦੀ ਚੜ੍ਹਦੀ ਕਲਾ ਲੋਚਦੀ।

ਪੰਥ ਦੀ ਦਾਸ,

ਕਿਰਨਜੋਤ ਕੌਰ

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply