ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ)- ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਦੂਰ ਦੁਰਾਡਿਓਂ ਯਾਤਰੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ, ਪਰ ਟ੍ਰੈਫਿਕ ਪੁਲਿਸ ਉਨ੍ਹਾਂ ਨੂੰ ਥਾਂ ਥਾਂ ‘ਤੇ ਨਾਕੇ ਲਾ ਕੇ ਚੈਕਿੰਗ ਕਰਦੀ ਹੈ ਤੇ ਚਲਾਣ ਕਟਦੀ ਹੈ।ਪੁਲਿਸ ਨੇ ਨਜਾਇਜ਼ ਪਾਰਕਿੰਗ ਕਰਨ ਵਾਲੀਆਂ ਕਾਰਾਂ ਨੂੰ ਚੁੱਕਣ ਲਈ ਇਕ ਵਿਸੇਸ਼ ਗੱਡੀ ਰੱਖੀ ਹੋਈ ਹੈ, ਪਰ ਇਸ ਦੇ ਐਨ ਉਲਟ ਵੱਡੀ ਪੱਧਰ ‘ਤੇ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਂ ਕਰਨ ਵਾਲੀਆਂ ਭਾਰੀਆਂ ਗੱਡੀਆਂ, ਥਰੀ ਵੀਲਰਾਂ ਪ੍ਰਤੀ ਇਨ੍ਹਾਂ ਗੋਡੇ ਟੇਕੇ ਹੋਏ ਹਨ।ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਕਿਹਾ ਕਿ ਚੰਡੀਗੜ੍ਹ ਵਿਚ ਕਿਸੇ ਦੀ ਜ਼ੁਰਅਤ ਨਹੀਂ ਪ੍ਰੈਸ਼ਰ ਹਾਰਨ ਮਾਰੇ, ਪਰ ਪੰਜਾਬ ਵਿਚ ਏਨੇ ਜਬਰਦਸਤ ਹਾਰਨ ਕਿ ਬੱਚੇ ਦੇ ਕੰਨ ਪਾੜ ਸਕਦੇ ਹਨ ਪਰ ਪੰਜਾਬ ਪੁਲਿਸ ਨੂੰ ਇਹ ਪ੍ਰੈਸ਼ਰ ਹਾਰਨ ਸੁਣਾਈ ਨਹੀਂ ਦਿੰਦੇ।ਸਕੂਲਾਂ ਲਈ ਵਰਤੇ ਜਾਂਦੇ ਥਰੀ ਵੀਲਰਾਂ ਵਿਚ ਕੁੱਕੜਾਂ ਦੀ ਤਰ੍ਹਾਂ ਲੱਦੇ ਸਕੂਲੀ ਬੱਚੇ, ਜਿਨ੍ਹਾਂ ਦੀਆਂ ਤਸਵੀਰਾਂ ਅਕਸਰ ਅਖਬਾਰਾਂ ਵਿਚ ਛਪਦੀਆਂ ਹਨ, ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ਹਨ ਕਿ ਟ੍ਰੈਕਟਰ ਟਰਾਲੀਆਂ ਕੇਵਲ ਕਿਸਾਨ ਅਨਾਜ, ਸਬਜ਼ੀਆਂ, ਪੱਠੇ ਆਦਿ ਲਈ ਵਰਤ ਸਕਦੇ ਹਨ, ਪਰ ਪੰਜਾਬ ਵਿਚ ਚੱਲਦੀਆਂ ਟਰੈਕਟਰ ਟਰਾਲੀਆਂ ਜਿਨ੍ਹਾਂ ਦੇ ਨਾ ਤਾਂ ਨੰਬਰ ਹੁੰਦੇ ਹਨ ਤੇ ਨਾ ਹੀ ਕੋਈ ਹੈੱਡ ਲਾਇਟ ਉਨ੍ਹਾਂ ਨੂੰ ਇਹ ਨਹੀਂ ਰੋਕਦੇ। ਸ਼ਹਿਰ ਵਿਚ ਬੱਸਾਂ ਤੇ ਥਰੀ ਵੀਲਰਾਂ ਲਈ ਕੋਈ ਸਟੈਂਡ ਨਹੀਂ, ਜਿਥੇ ਦਿਲ ਕਰਦਾ ਹੈ ਇਹ ਉਥੇ ਹੀ ਗੱਡੀਆਂ ਖੜੀਆਂ ਕਰਕੇ ਸੁਆਰੀਆਂ ਚੜਾਉਂਦੇ ਤੇ ਉਤਾਰਦੇ ਹਨ।ਲਾਲ ਬੱਤੀ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ।ਹੈਰਾਨੀ ਇਸ ਗੱਲ ਦੀ ਹੈ ਕਿ ਇਥੇ ਵੱਡੇ ਵੱਡੇ ਰੈਂਕ ਵਾਲੇ ਪੁਲਿਸ ਅਫ਼ਸਰ ਤੈਨਾਤ ਹਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਉਨ੍ਹਾਂ ਸਾਹਮਣੇ ਹੋ ਰਹੀ ਹੈ। ਉਚੇ ਪੁਲ ‘ਤੇ ਚਾਰੇ ਪਾਸੇ ਚਾਰ-ਚਾਰ ਪੰਜ-ਪੰਜ ਸਿਪਾਹੀ ਤੇ ਅਫ਼ਸਰ ਖੜੇ ਹਨ, ਜਿਹੜੇ ਕਾਰ ਵਾਲਿਆਂ ਨੂੰ ਇੰਜ ਘੇਰ ਦੇ ਹਨ ਜਿਵੇਂ ਉਨ੍ਹਾਂ ਨੇ ਕੋਈ ਕਰਾਇਮ ਕੀਤਾ ਹੋਵੇ।
ਉਨਾਂ ਕਿਹਾ ਕਿ ਚੰਡੀਗੜ੍ਹ ਵਾਂਗ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਲਈ ਅੰਮ੍ਰਿਤਸਰ ਵਿਕਾਸ ਮੰਚ ਲੰਮੇ ਸਮੇਂ ਤੋਂ ਲਿਖਾ ਪੜ੍ਹੀ ਕੀਤੀ ਜਾ ਰਹੀ ਹੈ ਪਰ ਇਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ। ਮੰਚ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਟ੍ਰੈਫਿਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ, ਪਰ ਇਹ ਕਮੇਟੀ ਵੀ ਕਾਗਜ਼ੀ ਕਾਰਵਾਈ ਕਰਕੇ ਰਹਿ ਗਈ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਸੜਕੀ ਦੁਰਘਟਨਾਵਾਂ ਵਿਚ ਪਿਛਲੇ ਪੰਜ ਸਾਲਾਂ ਵਿਚ ਹੋਈਆਂ ਮੌਤਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜਿਨ੍ਹਾਂ ਕੇਸਾਂ ਵਿਚ ਟ੍ਰੈਫਿਕ ਪੁਲਿਸ ਦੋਸ਼ੀ ਪਾਸੀ ਜਾਵੇ, ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ।ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੇ ਨਾਂ ਜਨਤਕ ਕੀਤੇ ਜਾਣ ਤੇ ਉਨ੍ਹਾਂ ਦੀ ਕੰਮ ਕਾਜ ਦੀ ਰਿਪੋਰਟ ਜਨਤਕ ਕੀਤੀ ਜਾਵੇ।ਮੰਚ ਆਗੂ ਨੇ ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਖੁਦ ਭੰਡਾਰੀ ਪੁੱਲ ‘ਤੇ ਖਲੋ ਪੁਲਿਸ ਅਧਿਕਾਰੀ ਨੂੰ ਨਿਯਮਾਂ ਦੀ ਹੋ ਰਹੀ ਉਲੰਘਣਾ ਤੋਂ ਜਾਣੂ ਕਰਵਾਉਣ ਤੇ ਬਾਕੀ ਕਾਰਵਾਈ ਕਰਨ ਲਈ ਮੌਕੇ ‘ਤੇ ਹਦਾਇਤ ਕਰਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media