
ਨਵੀਂ ਦਿੱਲੀ, 7 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਚਲ ਰਹੇ ਕਮੇਟੀ ਦੇ ਉੱਚ ਸਿੱਖਿਆ ਅਦਾਰੇ ਵਿੱਚ ਨਵੇਂ ਬਣੇ ਵਿਦਿਅਕ ਕੰਪਲੈਕਸ ਦਾ ਉਦਘਾਟਨ ਕੀਤਾ। ਗੁਰ ਤੇਗ ਬਹਾਦਰ ਇੰਸਟੀਚਿਊਟ ਆੱਫ਼ ਮੈਨੇਜਮੈਂਟ ਐਂਡ ਆਈ.ਟੀ. ਵਿੱਚ ਕਮੇਟੀ ਵੱਲੋਂ ਕਾੱਮਰਸ ਵਿਸ਼ੇ ਤੇ ਲਗਭਗ 400 ਸੀਟਾਂ ਅਗਲੇ ਵਿਦਿਅਕ ਵਰ੍ਹੇ ਤੋਂ ਨਵੀਂਆਂ ਸ਼ੁਰੂ ਕਰਨ ਦੇ ਟੀਚੇ ਨਾਲ ਇਸ ਕੰਪਲੈਕਸ ਦਾ ਕਮੇਟੀ ਵੱਲੋਂ ਨਿਰਮਾਣ ਕੀਤਾ ਗਿਆ ਹੈ। ਜੀ.ਕੇ. ਨੇ ਕਮੇਟੀ ਦਾ ਮੁੱਢਲਾ ਕਾਰਜ ਧਰਮ ਪ੍ਰਚਾਰ ਤੋਂ ਬਾਅਦ ਮੁਖ ਏਜੰਡਾ ਸਿੱਖਿਆ ਨੂੰ ਦਸਦੇ ਹੋਏ ਬੀਤੇ ਤਿੰਨ ਵਰ੍ਹੇ ਦੌਰਾਨ ਇੱਕ ਰੁਪਇਆ ਵੀ ਗੁਰੂ ਦੀ ਗੋਲਕ ਤੋਂ ਗੁਰੂ ਘਰਾਂ ਵਿੱਚ ਸੋਨਾ ਲਗਾਉਣ ‘ਤੇ ਨਾ ਖਰਚਣ ਦਾ ਦਾਅਵਾ ਕੀਤਾ। ਜੀ.ਕੇ. ਨੇ ਸਿੱਖ ਕੌਮ ਨੂੰ ਘਟਗਿਣਤੀ ਕੌਮ ਦੱਸਦੇ ਹੋਏ ਭਾਰਤ ਦੀ ਆਜ਼ਾਦੀ ਤੋਂ ਪਹਿਲਾ ਅਤੇ ਬਾਅਦ ਵਿੱਚ ਸਿੱਖਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ ਵੀ ਯਾਦ ਕੀਤਾ।
ਜੀ.ਕੇ. ਨੇ ਕਿਹਾ ਕਿ ਵਿਦਿਆ ਦੇ ਦਾਨ ਤੋਂ ਉੱਤਮ ਕੋਈ ਦਾਨ ਨਹੀਂ ਹੈ, ਜਦੋਂ ਅਸੀਂ ਕਿਸੇ ਵਿਦਿਆਰਥੀ ਨੂੰ ਉੱਚ ਵਿਦਿਆ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਆਪਣੇ ਪੈਰਾ ਤੇ ਖੜਾ ਹੋਣ ਤੋਂ ਬਾਅਦ ਉਹ ਇਨਸਾਨ ਆਪਣੇ ਪਰਿਵਾਰ ਵਾਸਤੇ ਆਪਣੀ ਵਿਦਿਆ ਦੇ ਬਲ ਤੇ ਮਾਨ ਸਤਿਕਾਰ, ਸਿਹਤ ਅਤੇ ਦੌਲਤ ਵਿੱਚ ਵਾਧਾ ਕਰਦਾ ਹੈ । ਕਮੇਟੀ ਵੱਲੋਂ ਲੋੜਵੰਦ ਬੱਚਿਆਂ ਦੀ ਫੀਸ ਮੁਆਫੀ ਲਈ ਸਰਕਾਰੀ ਸਕੀਮਾਂ ਰਾਹੀਂ ਫਾਇਦਾ ਦੇਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। ਗੁਰੂ ਸਾਹਿਬ ਵੱਲੋਂ ਕਿਰਤ ਕਰਨ ਦੇ ਦਿੱਤੇ ਗਏ ਸੰਦੇਸ਼ ਦੇ ਕਾਰਨ ਹੀ ਜੀ.ਕੇ. ਨੇ ਕਿਸੇ ਸਿੱਖ ਨੂੰ ਸੜਕਾਂ ‘ਤੇ ਭਿਖਿਆ ਨਾ ਮੰਗਦਾ ਵਿਖਣ ਵੱਜੋਂ ਵੀ ਪਰਿਭਾਸਿਤ ਕੀਤਾ। ਜੀ.ਕੇ. ਨੇ ਜੋਰ ਦੇ ਕੇ ਕਿਹਾ ਕਿ ਬੱਚੇ ਦੀ ਉਸ ਦੇ ਘਰ ਵਿੱਚ ਇੱਜ਼ਤ ਤਾਂ ਹੀ ਹੁੰਦੀ ਹੈ ਜਦੋਂ ਉਹ ਆਪਣੇ ਬੌਧਿਕ ਤਾਕਤ ਨਾਲ ਘਰ ਵਿੱਚ ਚਾਰ ਪੈਸੇ ਕਮਾ ਕੇ ਲਿਆਉਣ ਦੀ ਤਾਕਤ ਰੱਖਦਾ ਹੋਵੇ।
ਜੀ.ਕੇ. ਨੇ ਕਮੇਟੀ ਵੱਲੋਂ ਆਪਣੇ ਕਾਰਜ ਖੇਤਰ ਤੋਂ ਬਾਹਰ ਜਾ ਕੇ ਕੌਮ ਦੀ ਭਲਾਈ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਵੱਡੇ ਪੱਧਰ ਤੇ ਕਾਰਜ ਕਰਨ ਦਾ ਵੀ ਦਾਅਵਾ ਕੀਤਾ। ਕੁਦਰਤੀ ਕਰੋਪੀਆਂ ਦੌਰਾਨ ਦਿੱਲੀ ਕਮੇਟੀ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਦਾ ਵੀ ਉਨ੍ਹਾਂ ਜਿਕਰ ਕੀਤਾ। ਮੌਜੂਦਾ ਵਰ੍ਹੇ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੇ ਗੋਲਡਨ ਜੁਬਲੀ ਸਾਲ ਵੱਜੋਂ ਦੱਸਦੇ ਹੋਏ ਜੀ.ਕੇ ਨੇ 2017 ਵਿੱਚ ਮਾਤਾ ਸੁੰਦਰੀ ਕਾੱਲਜ ਦੀ ਸਥਾਪਨਾ ਦੀ ਗੋਲਡਨ ਜੁਬਲੀ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਉਣ ਦਾ ਵੀ ਐਲਾਨ ਕੀਤਾ। ਜੀ.ਕੇ ਨੇ ਮਾਤਾ ਸੁੰਦਰੀ ਕਾੱਲਜ ਵਿੱਖੇ ਇਸ ਵਰ੍ਹੇ ਲਗਭਗ 8 ਹਜਾਰ ਸਿੱਖ ਅਤੇ ਗੈਰ ਸਿੱਖ ਲੜਕੀਆਂ ਵੱਲੋਂ ਸਿਖਿਆ ਲੈਣ ਦਾ ਵੀ ਖੁਲਾਸਾ ਕੀਤਾ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ, ਜਸਬੀਰ ਸਿੰਘ ਜੱਸੀ ਅਤੇ ਉੱਚ ਸਿਖਿਆ ਦੇ ਅਦਾਰਿਆਂ ਦੀ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਮਠਾਰੂ ਮੌਜੂਦ ਸਨ।
Punjab Post Daily Online Newspaper & Print Media