ਨਵੀਂ ਦਿੱਲੀ, 9 ਜਨਵਰੀ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇੱਕ ਪ੍ਰੈਸ ਬਿਆਨ ਰਾਹੀ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਵੀਆਂ, ਢਾਡੀਆਂ ਅਤੇ ਕਵੀਸ਼ਰਾਂ ਨੂੰ ਉਤਸਾਹਿਤ ਕਰ, ਗੁਰੂ ਸਾਹਿਬਾਨ ਵਲੋਂ ਸਥਾਪਤ ਕਵੀ ਦਰਬਾਰਾਂ, ਢਾਡੀ ਦਰਬਾਰਾਂ ਅਤੇ ਕਵੀਸ਼ਰੀ ਦਰਬਾਰਾਂ ਦੀ ਪਰੰਪਰਾ ਨੂੰ ਮੁੜ ਉਜਾਗਰ ਕਰਨ ਵਲ ਪਹਿਲ ਕਦਮੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਫੈਸਲੇ ਅਨੁਸਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 13 ਜਨਵਰੀ ਬੁੱਧਵਾਰ ਸ਼ਾਮ 7.30 ਵਜੇ ਕਵੀ ਦਰਬਾਰ, 14 ਜਨਵਰੀ ਵੀਰਵਾਰ ਸ਼ਾਮ 7.30 ਵਜੇ ਢਾਡੀ ਦਰਬਾਰ ਅਤੇ 15 ਜਨਵਰੀ ਸ਼ੁਕਰਵਾਰ ਸ਼ਾਮ 7.30 ਵਜੇ ਕਵੀਸ਼ਰੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਮੁੱਖ ਕਵੀ, ਢਾਡੀ ਦਰਬਾਰ ਵਿੱਚ ਪੰਥ ਪ੍ਰਵਾਨਤ ਪ੍ਰਸਿੱਧ ਢਾਡੀ ਜੱਥੇ ਅਤੇ ਕਵੀਸ਼ਰੀ ਦਰਬਾਰ ਵਿੱਚ ਪ੍ਰਸਿੱਧ ਕਵੀਸ਼ਰ ਹਿਸਾ ਲੈ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ. ਰਾਣਾ ਨੇ ਦਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੀ ਮੰਗਲਵਾਰ 12 ਜਨਵਰੀ ਨੂੰ ਸ਼ਾਮ 7.30 ਵਜੇ ਗੁ. ਰਕਾਬ ਗੰਜ ਸਾਹਿਬ, ਗੁ. ਨਾਨਕ ਪਿਆਉ ਸਾਹਿਬ, ਗੁ. ਸੀਸਗੰਜ ਸਾਹਿਬ ਅਤੇ ਗੁ. ਬੰਗਲਾ ਸਾਹਿਬ ਦੇ ਸ਼ਬਦ ਚੌਂਕੀ ਜੱਥੇ ਗੁਰ ਸ਼ਬਦ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਹੋਰ ਦਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਗੁਰਮਤਿ ਸਮਾਗਮ ਸ਼ਨੀਵਾਰ 16 ਜਨਵਰੀ ਨੂੰ ਅੰਮ੍ਰਿਤ ਵੇਲੇ ਤੋਂ ਰਾਤ ਦੇਰ ਤਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਵੇਗਾ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media