ਕੱਥੂਨੰਗਲ / ਅੰਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਬੀਤੇ ਦਿਨੀਂ ਅੰਮ੍ਰਿਤਸਰ-ਮਹਿਤਾ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖਮੀਆਂ ਨੂੰ ਕਰੀਬ ੨੫ ਲੱਖ ਦੀ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ। ਸ: ਮਜੀਠੀਆ ਅੱਜ ਪਿੰਡ ਕੋਟਲੀ ਢੋਲੇਸ਼ਾਹ ਵਿਖੇ ਉਕਤ ਮ੍ਰਿਤਕਾਂ ਦੇ ਅੰਤਿਮ ਅਰਦਾਸ ਮੌਕੇ ਬੋਲ ਦਿਆਂ ਉਕਤ ਹਾਦਸੇ ਦੌਰਾਨ ਹੋਈਆਂ ਦਰਦਨਾਕ ਮੌਤਾਂ ‘ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ। ਉਹਨਾਂ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਕਿ ਕੀਮਤੀ ਜਾਨਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਪਰ ਉਹਨਾਂ ਪਰਿਵਾਰਾਂ ਦੀ ਮਦਦ ਕਰਕੇ ਕੁੱਝ ਦੁਖ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਨ ਤੇ ਸਖ਼ਤ ਮਿਹਨਤ ਕਰਦੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਸਨ। ਯਾਦ ਰਹੇ ਕਿ ੩੧ ਦਸੰਬਰ ਦੀ ਰਾਤ ਉਕਤ ਦੁਰਘਟਨਾ ਦੌਰਾਨ ਇੱਕ ਬੱਸ ਅਤੇ ਇੱਕ ਘੜੁੱਕੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸੀ, ਜਦੋਂ ਕਿ ਘੜੁੱਕੇ ਵਿੱਚ ਸਵਾਰ ਮਜ਼ਦੂਰ ਆਪਣੇ ਕੰਮ ਤੋਂ ਵਾਪਸ ਪਰਤ ਰਹੇ ਸਨ। ਸ: ਮਜੀਠੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕ ਪੱਖੀ ਸਰਕਾਰ ਚਲਾਈ ਜਾ ਰਹੀ ਹੈ। ਜਿਸ ਦਾ ਮਕਸਦ ਹਰ ਤਰਾਂ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ ਜੋ ਕਿ ਸਰਕਾਰਾਂ ਦਾ ਫਰਜ਼ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ ਉਕਤ ਹਾਦਸੇ ਦਾ ਪਤਾ ਲੱਗਣ ‘ਤੇ ਤੁਰੰਤ ਮਦਦ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਅਤੇ ਜ਼ਖਮੀਆਂ ਨੂੰ ਲੋੜੀਂਦੇ ਇਲਾਜ ਲਈ ਹਸਪਤਾਲ ਪਹੁੰਚਾਏ ਗਏ ਹਨ। ਸ: ਮਜੀਠੀਆ ਵਲ਼ੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲਾ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਜ਼ਖਮੀਆਂ ਦਾ ਹਾਲ ਪਤਾ ਕਰਦਿਆਂ ਸਰਕਾਰ ਦੀ ਤਰਫ਼ੋਂ ਜ਼ਖਮੀਆਂ ਦਾ ਫਰੀ ਇਲਾਜ ਕਰਨ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ੨- ੨ ਲੱਖ ਮਾਲੀ ਮਦਦ ਦਾ ਭਰੋਸਾ ਦਿੱਤਾ ਗਿਆ ਸੀ। ਇਸੇ ਦੌਰਾਨ ਹਲਕੇ ਵਿੱਚ ਮਾਲ ਮੰਤਰੀ ਸ: ਮਜੀਠੀਆ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਹਾਦਸੇ ਵਾਲੀ ਰਾਤ ਪ੍ਰਸ਼ਾਸਨ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕਰਦਿਆਂ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਏ ਜਾਣ ਦੀ ਕਾਰਵਾਈ ਦੀ ਚਾਰ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਸ: ਮਜੀਠੀਆ ਵੱਲੋਂ ਕੋਟਲੀ ਢੋਲੇ ਸ਼ਾਹ ਦੇ ਨਾਲ ਸੰਬੰਧਿਤ ਮ੍ਰਿਤਕਾਂ ਜਿਨ੍ਹਾਂ ਵਿੱਚ ਰਮਨਦੀਪ ਕੌਰ, ਸੰਦੀਪ ਕੌਰ, ਜਗੀਰ ਕੌਰ, ਮਨਿੰਦਰ ਕੌਰ, ਸ਼ਰਨਜੀਤ ਕੌਰ ਦੇ ਅੰਤ੍ਰਿਮ ਅਰਦਾਸ ਮੌਕੇ ਉਹਨਾਂ ਵਾਰਸਾਂ ਨੂੰ ਦੋ ਦੋ ਲੱਖ ਦੀ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ। ਇਸ ਤੋ ਪਹਿਲਾਂ ਸ: ਮਜੀਠੀਆ ਵੱਲੋਂ ਪਿੰਡ ਸਰਹਾਲਾ ਵਿਖੇ ਉਕਤ ਦੁਰਘਟਨਾ ਦੇ ਸ਼ਿਕਾਰ ਮ੍ਰਿਤਕ ਜਗਦੀਸ਼ ਕੌਰ ਤੇ ਮੰਗਲ ਸਿੰਘ ਅਤੇ ਪਿੰਡ ਸਿੱਧਵਾਂ ਵਿਖੇ ਸਵਰਨ ਕੌਰ, ਅਮਨਦੀਪ ਕੌਰ, ਦਵਿੰਦਰ ਕੌਰ ਅਤੇ ਰਣਜੀਤ ਕੌਰ ਦੇ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੁੰਦਿਆਂ ਉਹਨਾਂ ਦੇ ਵਾਰਸਾਂ ਨੂੰ ਵੀ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਉਹਨਾਂ ਨਾਲ ਐਸਡੀਐਮ ਸ੍ਰੀ ਰੋਹਿਤ ਗੁਪਤਾ , ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ , ਕੁਲਵਿੰਦਰ ਸਿੰਘ ਧਾਰੀਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾ: ਤਰਸੇਮ ਸਿੰਘ ਸਿਆਲਕਾ, ਬਲਬੀਰ ਸਿੰਘ ਚੰਦੀ ਚੈਅਰਮੈਨ, ਅਜੀਤ ਸਿੰਘ , ਸਰਪੰਚ ਜਗੀਰ ਸਿੰਘ, ਸਾਧੂ ਸਿੰਘ, ਹੈਪੀ, ਭੁਪਿੰਦਰ ਸਿੰਘ, ਗੁਲਜ਼ਾਰ ਸਿੰਘ, ਮਨੋਹਰ ਸਿੰਘ, ਭਗਵੰਤ ਸਿੰਘ, ਦਿਲਬਾਗ ਸਿੰਘ ਲਹਿਰਕਾ, ਡਾ: ਅਵਤਾਰ ਸਿੰਘ, ਹਰਭਜਨ ਸਿੰਘ ਚੈਅਰਮੈਨ, ਬਲਕਾਰ ਸਿੰਘ, ਰਣਜੀਤ ਸਿੰਘ ਰਾਜਾ, ਰੇਸ਼ਮ ਸਿੰਘ ਭੁੱਲਰ, ਬਿਕਾ ਸਰਪੰਚ ਅਤੇ ਅਮਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media