Monday, April 13, 2026

 ਕੇਂਦਰ ਸਰਕਾਰ ਪੰਜਾਬ ਵਿਚ ਜੰਮੂ ਕਸ਼ਮੀਰ ਵਾਂਗ ਸਰਹੱਦ ‘ਤੇ ਚੌਕਸੀ ਵਧਾਵੇ – ਬਾਦਲ

PPN1001201625

ਅੰਮ੍ਰਿਤਸਰ, 10 ਜਨਵਰੀ (ਗੁਰਚਰਨ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਸਰਹੱਦ ‘ਤੇ ਜੰਮੂ ਕਸ਼ਮੀਰ ਦੀ ਤਰਜ਼ ‘ਤੇ ਵਧੇਰੇ ਚੌਕਸੀ ਵਧਾਵੇ ਤਾਂ ਜੋ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਨੂੰ ਰੋਕਿਆ ਜਾ ਸਕੇ।
ਅੱਜ ਇੱਥੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਰਹੱਦੀ ਸੂਬੇ ਦੇ ਵਿਚ ਬੀ.ਐੱਸ.ਐੱਫ. ਦੀਆਂ ਕੰਪਨੀਆਂ ਦੀ ਤਦਾਦ ਵਿਚ ਵਾਧਾ ਕਰੇ। ਉਨ੍ਹਾਂ ਕਿਹਾ ਕਿ ਦੀਨਾਨਗਰ ਅਤੇ ਪਠਾਨਕੋਟ ਵਿਖੇ ਹੋਏ ਹਮਲਿਆਂ ਦੇ ਕਾਰਨ ਅੱਜ ਸਮੇਂ ਦੀ ਲੋੜ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਪੰਜਾਬ ਦੀਆਂ ਸਰਹੱਦਾਂ ‘ਤੇ ਵੀ ਚੌਕਸੀ ਵਧਾਵੇ ਤਾਂ ਜੋ ਦੇਸ਼ ਦੀ ਏਕਤਾ ਅਤੇ ਆਖੰਡਤਾ ਦੀ ਰਾਖੀ ਕੀਤੀ ਜਾ ਸਕੇ।
ਇਸਤੋਂ ਪਹਿਲਾਂ ਪਿੰਡ ਬੋਪਾਰਾਏ ਬਾਜ ਸਿੰਘ, ਖਿਆਲਾ ਕਲਾਂ ਅਤੇ ਟਪਿਆਲਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਇੰਦਰ ਸਿੰਘ ਇਕ ਮੌਸਮੀ ਪੰਛੀ ਹਨ ਜਿਨ੍ਹਾਂ ਦੇ ਦਰਸ਼ਨ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਿਨ੍ਹਾਂ ਇਹ ਆਗੂ ਆਪਣੀ ਰਜਵਾੜਸ਼ਾਹੀ ਜੀਵਨ ਸ਼ੈਲੀ ਵਿਚ ਵਿਅਸਥ ਰਹਿੰਦੇ ਹਨ। ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਤਾਂ ਉਹ ਮੁੱਖ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਾਂਦੇ ੋਏ ਸੂਬੇ ਦੇ ਹਰ ਪਿੰਡ ਪਿੰਡ ਵਿਚ ਲੋਕਾਂ ਦੇ ਦਰਸ਼ਨ ਕਰਦੇ ਹਨ ਅਤੇ ਦੂਜੇ ਪਾਸੇ ਕੈਪਟਨ ਅਮਰਇੰਦਰ ਸਿੰਘ 2002 ਤੋਂ 2007 ਦੇ ਆਪਣੇ ਕਾਰਜਕਾਲ ਦੌਰਾਨ ਆਪਣੇ ਮੰਤਰੀਆਂ ਤੱਕ ਨੂੰ ਦਰਸ਼ਨ ਨਹੀਂ ਦਿੰਦੇ ਸਨ।
ਉਨ੍ਹਾਂ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਪੁੱਛਿਆ ਕਿ ਕੀ ਕਦੀ ਕੈਪਟਨ ਅੰਮ੍ਰਿਤਸਰ ਤੋਂ ਐੱਮ.ਪੀ. ਚੁਣੇ ਜਾਣ ਉਪਰੰਤ ਇਸ ਇਲਾਕੇ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਇਹ ਸੀਟ ਜਿੱਤਣ ਤੋਂ ਬਾਅਦ ਕੈਪਟਨ ਨੇ ਇਕ ਵਾਰ ਵੀ ਇਸ ਇਲਾਕੇ ਦਾ ਧੰਨਵਾਦੀ ਦੌਰਾ ਨਹੀਂ ਕੀਤਾ ਜੋ ਕਿ ਇਸ ਇਲਾਕੇ ਦੇ ਬਹਾਦੁਰ ਲੋਕਾਂ ਦੀ ਬੇਇੱਜਤੀ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕੈਪਟਨ ਆਪਣੇ ਮਹਿਲ ਦੀਆਂ ਚਾਰ ਦੀਵਾਰਾਂ ਵਿਚ ਸੀਮਤ ਰਹਿ ਕੇ ਹੀ ਪੰਜਾਬ ਦੇ ਮੁੱਖ ਮੰਤਰੀ ਬਨਣ ਦਾ ਸੁਪਨਾ ਦੇਖ ਰਿਹਾ ਹੈ।
ਕੈਪਟਨ ਅਮਰਇੰਦਰ ਸਿੰਘ ਅਤੇ ‘ਆਪ’ ਦੇ ਆਗੂ ਸੁੱਚਾ ਸਿੰਘ ਛੋਟੇਪੁਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਗੂ ਅੱਜ ਅਕਾਲੀ ਦਲ ਦੀ ਨਿੰਦਾ ਕਰਦੇ ਨਹੀਂ ਥੱਕਦੇ ਹਨ ਪਰ ਕਿਸੇ ਸਮੇਂ ਇਨ੍ਹਾਂ ਦੋਵੇਂ ਨੇ ਹੀ ਅਕਾਲੀ ਦਲ ਦੀਆਂ ਸੋਹਾਂ ਖਾ ਕੇ ਵਜੀਰੀਆਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਕੇਵਲ ਸੱਤਾ ਖਾਤਰ ਆਪਣੀ ਮਾਂ ਪਾਰਟੀ ਨੂੰ ਛੱਡਣ ਵਾਲੇ ਇਨ੍ਹਾਂ ਆਗੂਆਂ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਅੱਜ ਵੱਧਦੀਆਂ ਕੀਮਤਾਂ ਅਤੇ ਘੱਟ ਰਹੇ ਮੁਨਾਫੇ ਕਾਰਨ ਖੇਤੀਬਾੜੀ ਕੋਈ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਡੇਅਰੀ, ਮੱਛੀਪਾਲਣ, ਮੱਖੀਪਾਲਣ ਅਤੇ ਹੋਰ ਅਜਿਹੇ ਸਹਾਇਕ ਖੇਤੀ ਧੰਦਿਆਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਣ। ਉਨ੍ਹਾਂ ਕਿਸਾਨਾਂ ਨੂੰ ਖੇਤੀ ਸੰਦਾਂ ‘ਤੇ ਭਾਰੀ ਖਰਚਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਲੋਕ ਇਹ ਸੰਦ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਤੋਂ ਲੈਣ ਜਿਨ੍ਹਾਂ ਨੂੰ ਇਹ ਸੰਦ ਖ੍ਰੀਦਣ ਲਈ ਸਰਕਾਰ ਵੱਡੀਆਂ ਸਬਸਿਡੀਆਂ ਦਿੰਦੀ ਹੈ।
ਇਸ ਮੌਕੇ ‘ਤੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਯਾਦ ਦਵਾਇਆ ਕਿ ਇਸੇ ਪਾਰਟੀ ਨੇ ਪੰਜਾਬ ਦੀ ਰਾਜਧਾਨੀ ਅਤੇ ਪਾਣੀਆਂ ਤੇ ਬਣਦਾ ਹੱਕ ਅਤੇ ਪੰਜਾਬੀ ਬੋਲਦੇ ਇਲਾਕੇ ਖੋਹ ਕੇ ਸੂਬੇ ਨਾਲ ਅਨਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਅਤੇ 1984 ਦੇ ਸਿੱਖ ਕਤਲੇਆਮ ਦੌਰਾਨ ਬੇਗੁਨਾਹ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਕਾਂਗਰਸ ਪਾਰਟੀ ਨੇ ਹਰ ਸਿੱਖ ਨੂੰ ਇਕ ਗਹਿਰਾ ਜਖਮ ਦਿੱਤਾ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ। ਨਾਲ ਹੀ ਸ. ਬਾਦਲ ਨੇ ਕਾਂਗਰਸ ਨੂੰ ਸੂਬੇ ਦੀ ਖੇਤੀਬਾੜੀ ਅਤੇ ਸਨਅਤ ਤਬਾਹ ਕਰਨ ਲਈ ਦੋਸ਼ੀ ਠਹਿਰਾਇਆ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਲੈਨਿੰਗ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਯੂਥ ਅਕਾਲੀ ਆਗੂ ਰਣਬੀਰ ਸਿੰਘ ਲੋਪੋਕੇ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੀ.ਐੱਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਐੱਸ.ਐੱਸ.ਪੀ. ਜਸਦੀਪ ਸਿੰਘ ਹਾਜਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply