Tuesday, February 24, 2026

ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲਹਿਰਾਇਆ ਕੌਮੀ ਝੰਡਾ

ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕੇਜ ਦੇਣ ਤੇ ਅੰਮ੍ਰਿਤਸਰ ਹਵਾਈ ਅੱਡੇ ਦਾ ਰੁਤਬਾ ਵਧਾਉਣ ਦੀ ਕੇਂਦਰ ਨੂੰ ਅਪੀਲ

PPN2701201614

PPN2701201615

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- 67ਵਾਂ ਗਣਤੰਤਰ ਦਿਵਸ ਅੰਮ੍ਰਿਤਸਰ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਅਤੇ ਗੈਰ ਰਵਾਇਤੀ ਊਰਜਾ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ ਵੀ ਉਨ੍ਹਾਂ ਦੇ ਨਾਲ ਸਨ। ਪਰੇਡ ਕਮਾਂਡਰ ਡੀ. ਐਸ. ਪੀ ਪਰਵਿੰਦਰ ਕੌਰ ਦੀ ਅਗਵਾਈ ਵਿਚ ਪੁਲਿਸ, ਹੋਮਗਾਰਡਜ਼, ਐਨ.ਸੀ.ਸੀ ਕੈਡਿਟਾਂ, ਐਨ. ਐਸ. ਐਸ ਸਕਾਊਟਸ ਅਤੇ ਗਰਲਜ਼ ਗਾਈਡਜ਼ ਦੀਆਂ ਟੁਕੜੀਆਂ ਨੇ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ ਜਦ ਕਿ ਪੰਜਾਬ ਪੁਲਿਸ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਬੈਂਡ ਦੀਆਂ ਧੁਨਾਂ ਵਜਾ ਕੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਸ਼ਾਨਦਾਰ ਝਾਕੀਆਂ ਨੇ ਦਿਲਕਸ਼ ਨਜ਼ਾਰਾ ਪੇਸ਼ ਕੀਤਾ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਮੌਕੇ ਦੇਸ਼ ਭਗਤੀ ਨਾਲ ਸਬੰਧਿਤ ਸ਼ਾਨਦਾਰ ਕੋਰੀਓਗ੍ਰਾਫੀਆਂ, ਗਿੱਧੇ ਤੇ ਭੰਗੜੇ ਰਾਹੀਂ ਸਭਨਾਂ ਦਾ ਮਨ ਮੋਹ ਲਿਆ ਜਿਸ ਤੋਂ ਖੁਸ਼ ਹੋ ਕੇ ਸ. ਮਜੀਠੀਆ ਨੇ ਸਕੂਲੀ ਬੱਚਿਆਂ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ 3 ਲੱਖ ਰੁਪਏ ਦੇਣ ਐਲਾਨ ਕੀਤਾ। ਉਨ੍ਹਾਂ 27 ਜਨਵਰੀ ਨੂੰ ਜ਼ਿਲ੍ਹੇ ਦੇ ਸਕੂਲਾਂ ਵਿੱਚ ਛੁੱਟੀ ਦਾ ਵੀ ਐਲਾਨ ਕੀਤਾ।
ਸ. ਮਜੀਠੀਆ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਸੰਵਿਧਾਨ ਨੇ ਸਾਨੂੰ ਬਰਾਬਰੀ ਅਤੇ ਨਿਆਂ ਦਾ ਅਧਿਕਾਰ ਦਿੱਤਾ ਹੈ ਜਿਸ ਨਾਲ ਇੱਕ ਵਧੀਆ ਭਾਰਤ ਦੇ ਨਿਰਮਾਣ ਦੀ ਬੁਨਿਆਦ ਰੱਖੀ ਗਈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਵੱਧ ਨੌਜਵਾਨ ਭਾਰਤ ਵਿਚ ਹਨ, ਇਸ ਲਈ ਭਾਰਤ ਦੇ ਵਿਕਾਸ ਦੀ ਜ਼ਿੰਮੇਵਾਰੀ ਨੌਜਵਾਨ ਸ਼ਕਤੀ ਦੇ ਮੋਢਿਆਂ ‘ਤੇ ਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਖੁਸ਼ਹਾਲੀ ਤੇ ਇਕ ਵਧੀਆ ਭਾਰਤ ਦੇ ਨਿਰਮਾਣ ਵਿਚ ਵੱਧ-ਚੜ੍ਹ ਕੇ ਯੋਗਦਾਨ ਦੇਣ। ਉਨ੍ਹਾਂ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ, ਅਮਨ ਤੇ ਸ਼ਾਂਤੀ ਬਣਾਈ ਰੱਖਣ ਤੋਂ ਇਲਾਵਾ ਸਮਾਜਿਕ ਬੁਰਾਈਆਂ ਖਿਲਾਫ ਕਮਰ ਕੱਸਣ ਦੀ ਅਪੀਲ ਕੀਤੀ। ਉਨ੍ਹਾਂ ਦੀਨਾਨਗਰ ਅਤੇ ਪਠਾਨਕੋਟ ਅੱਤਵਾਦੀ ਹਮਲਿਆਂ ਵਿਚ ਨਿਭਾਈ ਜ਼ਾਂਬਾਜ਼ ਭੂਮਿਕਾ ਲਈ ਸੁਰੱਖਿਆ ਫੋਰਸਾਂ ਦੀ ਪ੍ਰਸੰਸਾ ਕੀਤੀ ਹੈ, ਅਮ੍ਰਿਤਸਰ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿਚ ਸ਼ਾਮਿਲ ਕਰਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕੇਜ ਦੇਣ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰੁਤਬਾ ਵਧਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ।
ਉਹਨਾਂ ਰਾਜ ਨੂੰ ਅਸਥਿਰ ਕਰਨ ਵਿੱਚ ਲੱਗੀਆਂ ਸ਼ਰਾਰਤੀ ਤਾਕਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਫਿਰਕੂ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਯਾਦਗਾਰਾਂ ਸਥਾਪਿਤ ਕਰਨ ਵਰਗੇ ਕਈ ਅਹਿਮ ਕਦਮ ਉਠਾਏ ਹਨ। ਅੰਮ੍ਰਿਤਸਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜਾਂ ਦੀ ਲਾਗਤ ਨਾਲ ਇੱਥੇ ਜਿੱਥੇ ਸੜਕਾਂ ਅਤੇ ਪੁਲਾਂ ਦਾ ਵੱਡੀ ਪੱਧਰ ‘ਤੇ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਜ਼ਾ ਦੀ ਉਸਾਰੀ ਕੀਤੀ ਗਈ ਹੈ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸੜਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਚਾਰ ਮਾਰਗੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਜੀ ਸਥਲ ਦੇ ਵਿਕਾਸ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ‘ਤੇ ਵੀ ਵੱਡੀ ਰਾਸ਼ੀ ਖਰਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਵਿਰਾਸਤੀ ਦਰਜਾ, ਆਈ. ਆਈ. ਐਮ ਅਤੇ ਬਾਗਬਾਨੀ ਖੋਜ ਕੇਂਦਰ ਸਮੇਤ ਕਈ ਹੋਰ ਪ੍ਰਾਜੈਕਟ ਦਿੱਤੇ ਹਨ।  ਇਸ ਮੌਕੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਸ਼ਖਸੀਅਤਾਂ, ਪੜ੍ਹਾਈ ਅਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ।ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ, ਜਸਟਿਸ ਜੇ ਐਸ ਭਿੰਡਰ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਪ੍ਰੋ ਸਰਚਾਂਦ ਸਿੰਘ, ਤਲਬੀਰ ਸਿੰਘ ਗਿੱਲ, ਨਵਦੀਪ ਗੋਲਡੀ ਤੋਂ ਇਲਾਵਾ ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਮੂਹ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply