ਸੌ ਫੀਸਦੀ ਬਲਾਕਡ ਹਾਰਟ ਆਰਟਰੀ ਤੋਂ ਪੀੜਿਤ ਮਰੀਜ਼ਾਂ ਦੀ ਜੀਵਨ-ਬਚਾਓ ਤਕਨੀਕ ਹੈ ਨਵੀਂ ਕਰਾਨਿਕ ਟੋਟਲ ਓਕਲਯੂਜ਼ਨ
ਅੰਮ੍ਰਿਤਸਰ, 8 ਫਰਵਰੀ (ਜਗਦੀਪ ਸਿੰਘ ਸੱਗੂ) – ਆਰਟਰੀ ਮਰੀਜ਼ਾਂ ਦੇ ਇਲਾਜ ਵਿੱਚ ਮੈਡੀਕਲ ਸਾਇੰਸ ਨੇ 100% ਬਲਾਕ ਹੋਈਆਂ ਦਿਲ ਦੀਆਂ ਨਾੜੀਆਂ ਖੋਲ਼ਣ ਲਈ ਨਾਨ-ਇਨਵੇਸਿਵ ਤਕਨੀਕ ਇਜ਼ਾਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਜਿਸ ਨਾਲ ਮਰੀਜ਼ ਕੁੱਝ ਹੀ ਦਿਨਾਂ ਵਿੱਚ ਸਧਾਰਨ ਜੀਵਨ ਜਿਉਂਣਾ ਸ਼ੁਰੂ ਕਰ ਸਕਦੇ ਹਨ।ਕਰਾਨਿਕ ਟੋਟਲ ਓਕਲਯੂਜ਼ਨ (ਸੀਟੀਓ) ਮਤਲਬ ਸੌ ਫੀਸਦੀ ਕੋਰੋਨਰੀ ਆਰਟਰੀ ਬਲਾਕੇਜ ਵਿੱਚ ਕੋਰੋਨਰੀ ਐਂਜੀਓਪਲਾਸਟੀ ਤਕਨੀਕ ਸ਼ੁਰੂ ਕਰਨ ਵਾਲਾ ਜਪਾਨ ਦੁਨੀਆਂ ਦਾ ਪਹਿਲਾ ਦੇਸ਼ ਹੈ ਅਤੇ ਜਪਾਨੀ ਡਾਕਟਰ ਹਰ ਸਾਲ 150 ਤੋ ਵੱਧ ਸੀ.ਟੀ.ਓ ਤਕਨੀਕ ਨਾਲ ਜਪਾਨ, ਭਾਰਤ, ਨੇਪਾਲ ਤੇ ਚੀਨ ‘ਚ ਸਰਜਰੀ ਕਰ ਰਹੇ ਹਨ।ਉਨਾਂ ਨੇ ਕਿਹਾ ਕਿ ਸੀ.ਟੀ.ਓ ਤਕਨੀਕ ਨਾਲ ਹੋਣ ਵਾਲੀ ਸਰਜਰੀ ਦੀ ਸਫਲਤਾ ਦਰ 95 ਫੀਸਦੀ ਤੋ ਜਿਆਦਾ ਹੈ।
ਅੱਜ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਡੀਓਲੋਜਿਸਟ ਅਤੇ ਕਰਾਨਿਕ ਟੋਟਲ ਓਕਲਯੂਜ਼ਨ (ਸੀ.ਟੀ.ਓ) ਦੇ ਮਾਹਿਰ ਡਾ. ਕੇਂਜੀ ਕਵਾਜਿਰੀ ਨੇ ਦੱਸਿਆ ਕਿ ਬਹੁਤ ਸਾਰੇ ਕੇਸਾਂ ‘ਚ ਬਾਈਪਾਸ ਸਰਜਰੀ ਕਰਨਾ ਜੋਖਿਮ ਵਾਲਾ ਕੰਮ ਹੁੰਦਾ ਹੈ, ਜਿਸ ਕਾਰਣ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ।ਇਸ ਲਈ ਅਜਿਹੇ ਕੇਸਾਂ ਵਿੱਚ ਸੀ.ਟੀ.ਓ ਤਕਨੀਕ ਦੀ ਖੋਜ ਕੀਤੀ ਗਈ ਤਾਂ ਜੋ ਮਰੀਜਾਂ ਦੀ ਜਾਨ ਬਚਾਈ ਜਾ ਸਕੇ।
ਇਹ ਜਾਣਕਾਰੀ ਜਪਾਨ ਦੇ ਇੱਕ ਉਚ ਇੰਟਰਵੈਂਸ਼ਨ ਖਾਸ ਕਾਰਡੀਓਲੋਜਿਸਟ ਅਤੇ ਕਰਾਨਿਕ ਟੋਟਲ ਓਕਲਯੂਜ਼ਨ (ਸੀ.ਟੀ.ਓ), ਮਤਲਬ 100 ਫੀਸਦੀ ਕੋਰੋਨਰੀ ਆਰਟਰੀ ਬਲਾੱਕੇਜ ਵਿੱਚ ਕੋਰੋਨਰੀ ਐਂਜੀਓਪਲਾਸਟੀ ਦੇ ਮਾਹਰ ਡਾ. ਕੇਂਜੀ ਕਵਾਜਿਰੀ ਨੇ ਦਿੱਤੀ।ਡਾ. ਕਵਾਜਿਰੀ ਨੇ ਦੱਸਿਆ ਕਿ ਵਿਕਸਤ ਦੇਸ਼ਾਂ ਵਿੱਚ ਓਪਨ ਹਾਰਟ ਸਰਜਰੀ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਅਤੇ ਆਰਟਰੀ ਦੀ 100% ਬਲਾਕੇਜ ਦੇ ਲਈ ਤਾਂ ਨਾਨ-ਇਨਵੇਸਿਵ ਪ੍ਰੋਸੀਜਰ, ਜਿਵੇਂ ਐਂਟੀਗ੍ਰੇਡ ਅਤੇ ਰੈਟ੍ਰੋਗ੍ਰੇਡ ਸਟੇਂਟਿੰਗ ਦਾ ਵਿਕਾਸ ਹੋਇਆ ਹੈ।ਜਿਸ ਨਾਲ ਦਿਲ ਦੀਆਂ ਬੰਦ ਹੋਈਆਂ ਨਾੜੀਆਂ ਨੂੰ ਸੁਰੱਖਿਅਤ ਢੰਗ ਨਾਲ ਖੋਲਿਆ ਜਾ ਸਕਦਾ ਹੈ ਅਤੇ ਸਟੈਂਟ ਲਗਾਇਆ ਜਾ ਸਕਦਾ ਹੈ।
ਇਸ ਸਮੇਂ ਮੌਜੂਦ ਨਈਅਰ ਸੂਪਰ-ਸਪੈਸ਼ਿਲਿਸਟ ਹਸਪਤਾਲ ‘ਚ ਡਾਇਰੈਕਟਰ ਇੰਟਰਵੈਂਸ਼ਨ ਕਾਰਡੀਓਲਾਜਿਸਟ ਡਾ. ਮਨਨ ਅਨੰਦ ਨੇ ਕਿਹਾ ਕਿ ਉਹ ਵਿਸ਼ਵ ਪ੍ਰਸਿੱਧ ਉਚ ਮਾਹਰਾਂ ਦੇ ਨਾਲ ਹਿੱਸੇਦਾਰੀ ਕਰਨ ਲਈ ਖਾਸ ਕੋਸ਼ਿਸ਼ਾਂ ਕਰ ਰਹੇ ਹਾਂ, ਜੋ ਨਾ ਕੇਵਲ ਸਾਡੇ ਨਾਲ ਆਪਣੀ ਮੁਹਾਰਤ ਨੂੰ ਵੰਡਦੇ ਹਨ ਬਲਕਿ ਨਵੀਨਤਮ ਤਕਨੀਕ ਦੇ ਨਾਲ ਲੋਕਾਂ ਦੇ ਜੀਵਨ ਨੂੰ ਵੀ ਬਚਾਉਂਦੇ ਹਨ।ਉਨਾਂ ਦੱਸਿਆ ਕਿ ਟੋਟਲ ਕੋਰੋਨਰੀ ਆਰਟਰੀ ਬਲਾਕੇਜ ਇੱਕ ਗੰਭੀਰ ਸਥਿਤੀ ਹੈ ਜੋ ਸਥਿਰ ਜੀਵਨਸ਼ੈਲੀ, ਸ਼ੂਗਰ, ਸੈਚੂਰੇਟਡ ਫੈਟ ਅਤੇ ਹਾਈਪਰਟੈਂਸ਼ਨ ਦੇ ਕਾਰਨ ਪੈਦਾ ਹੁੰਦੀ ਹੈ।ਉਨਾਂ ਕਿਹਾ ਕਿ ਡਾ. ਕਵਾਜਿਰੀ ਨਈਅਰ ਹਸਪਤਾਲ ਵਿਖੇ ਸੀ.ਟੀ.ਓ ਤੋਂ ਪੀੜਿਤ ਤਿੰਨ ਬਹੁਤ ਹੀ ਗੰਭੀਰ ਮਰੀਜ਼ਾਂ ਦਾ ਆਪ੍ਰੇਸ਼ਨ ਕਰਨਗੇ, ਜੋ ਅੰਮ੍ਰਿਤਸਰ ਤੇ ਪੰਜਾਬ ਵਿੱਚ ਪਹਿਲੀ ਵਾਰ ਹੋਣਗੇ।ਡਾ. ਮੰਨਨ ਅਨੰਦ ਨੇ ਕਿਹਾ ਕਿ ਇਹ ਨਿਊਨਤਮ ਇਨਵੇਸਿਵ ਪ੍ਰੋਸੀਜਰ ਹੈ ਅਤੇ ਮਰੀਜ਼ ਨੂੰ ਤਿੰਨ ਦਿਨ ਵਿੱਚ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ।ਉਨਾਂ ਕਿਹਾ ਕਿ ਬੇਸ਼ੱਕ ਓਪਨ ਹਾਰਟ ਸਰਜਰੀ ਸੱਸਤੀ ਹੈ ਪ੍ਰੰਤੂ ਇਸ ਆਪਰੇਸ਼ਨ ਸਮੇਂ ਕਈ ਤਰਾਂ ਦੀਆਂ ਮੁਸ਼ਕਲਾਂ ਤੇ ਸਾਈਡ ਇਫੈਕਟ ਹੋ ਸਕਦੇ ਹਨ, ਜਿੰਨਾਂ ਵਿੱਚ ਇਨਫੈਕਸ਼ਨ, ਗੁਰਦੇ ਆਦਿ ਬਿਮਾਰੀਆਂ ਦਾ ਖਦਸ਼ਾ ਰਹਿੰਦਾ ਹੈ।ਇਹ ਨਵੀਂ ਤਕਨੀਕ ਉਨਾਂ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ, ਜਿੰਨਾਂ ਦੀ ਬਾਈਪਾਸ ਹਾਰਟ ਸਰਜਰੀ ਨਹੀਂ ਕੀਤੀ ਜਾ ਸਕਦੀ।ਡਾ. ਮੰਨਨ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਹੱਥ ਦੀ ਨਬਜ਼ ਵਾਲੀ ਨਾੜੀ ਰਾਹੀ ਤਾਰਾਂ ਦੀ ਸਹਾਇਤਾ ਨਾਲ ਹਾਰਟ ਦੀਆਂ ਬੰਦ ਪਈਆਂ ਨਾੜੀਆਂ ਖੋਹਲੀਆਂ ਜਾਂਦੀਆਂ ਹਨ ਅਤੇ ਐਨਸਥੀਅਸੀਆ ਦੀ ਜਰੂਰਤ ਨਾ ਹੋਣ ਕਰਕੇ ਇਸ ਦੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਂਦੀ।ਇਸ ਸਮੇਂ ਡਾ. ਸ਼ਸ਼ੀ ਨਈਅਰ ਤੇ ਡਾ. ਪ੍ਰਭਜੋਤ ਵੀ ਮੌਜੂਦ ਸਨ।
Punjab Post Daily Online Newspaper & Print Media