
ਨਵੀਂ ਦਿੱਲੀ, 10 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਹਵਾਲੇ ਤੋਂ ਰੋਜ਼ਾਨਾ ਆਪਣੇ ਕਾਰਜ ਖੇਤਰ ਅਤੇ ਤਾਕਤ ਤੋਂ ਬਾਹਰ ਜਾ ਕੇ ਫੋਕੀ ਸ਼ੋਹਰਤ ਖਟਣ ਵਾਸਤੇ ਦਿਤੇ ਜਾ ਰਹੇ ਬਿਆਨਾ ਨੂੰ ਕਮੇਟੀ ਨੇ ਸਰਨਾ ਦੀ ਖਿਆਲੀ ਪਲਾਵ ਸਿਆਸਤ ਦਾ ਹਿੱਸਾ ਦੱਸਿਆ ਹੈ। ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਮਨਮੋਹਨ ਸਿੰਘ ਨੇ ਸਰਨਾ ਨੂੰ ਪੰਥਕ ਮੁੱਦਿਆ ‘ਤੇ ਵਿਚਾਰ ਕੇ ਬਿਆਨ ਦੇਣ ਦੀ ਵੀ ਨਸੀਹਤ ਦਿੱਤੀ ਹੈ।ਸਰਨਾ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਦੇ ਕੀਤੇ ਗਏ ਦਾਅਵਿਆਂ ਨੂੰ ਮਨਮੋਹਨ ਨੇ ਸਰਨਾ ਭਰਾਵਾਂ ਦੀ ਚਰਚਾ ਵਿੱਚ ਰਹਿਣ ਵਾਸਤੇ ਕਿਸੇ ਵੀ ਮੁੱਦੇ ਤੇ ਬੋਲਣ ਦੀ ਉਨ੍ਹਾਂ ਦੀ ਪੁਰਾਣੀ ਆਦਤ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਹੈ।
ਮਨਮੋਹਨ ਸਿੰਘ ਨੇ ਕਿਹਾ ਕਿ ਸਰਨਾ ਆਪਣੇ ਪ੍ਰਧਾਨਗੀ ਕਾਲ ਦੇ ਦੌਰਾਨ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 4 ਖਾਲਸਾ ਕਾਲਜਾਂ ਨੂੰ ਘੱਟਗਿਣਤੀ ਅਦਾਰੇ ਵੱਜੌਂ ਮਾਨਤਾ ਦਿਵਾਉਣ ਲਈ ਆਪਣੀ ਹਿਮਾਇਤੀ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਨਾਕਾਮ ਰਹੇ ਸੀ ਪਰ ਨਵੀਂ ਕਮੇਟੀ ਨੇ ਸੇਵਾ ਸੰਭਾਲਣ ਦੇ ਕੁਝ ਸਮੇਂ ਬਾਅਦ ਹੀ 3 ਕਾਲਜਾਂ ਨੂੰ ਘਟਗਿਣਤੀ ਅਦਾਰੇ ਦਾ ਦਰਜਾ ਦਿਵਾ ਦਿੱਤਾ ਹੈ ਤੇ ਰਹਿੰਦੇ ਗੁਰ ਤੇਗ ਬਹਾਦਰ ਖਾਲਸਾ ਕਾਲਜ ਦਾ ਮਸਲਾ ਅਦਾਲਤ ਵਿੱਚ ਵਿਚਾਰਾਧੀਨ ਹੈ। ਮਨਮੋਹਨ ਨੇ ਸਵਾਲ ਕੀਤਾ ਕਿ ਜਿਹੜਾ ਬੰਦਾ 4 ਖਾਲਸਾ ਕਾਲਜਾ ਨੂੰ ਘਟਗਿਣਤੀ ਅਦਾਰੇ ਦਾ ਦਰਜਾ ਦਿਵਾਉਣ ਦਾ ਕੰਮ ਨਹੀਂ ਕਰ ਸਕਿਆ ਕੀ ਉਹ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਦੇ ਦਗਮੱਜੇ ਕਿਸ ਆਧਾਰ ਤੇ ਮਾਰ ਰਿਹਾ ਹੈ ?
ਮਨਮੋਹਨ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਇਮਾਨਦਾਰੀ ਅਤੇ ਪੰਥ ਹਿਤੈਸ਼ੀ ਸੋਚ ਨੂੰ ਸਾਹਮਣੇ ਰੱਖ ਕੇ ਪੰਥ ਦੀ ਚੜ੍ਹਦੀਕਲਾ ਵਾਸਤੇ ਕਾਰਜ ਕਰ ਰਹੇ ਹਨ ਉਸ ਕਰਕੇ ਸਰਨਾ ਨੂੰ ਦਿੱਲੀ ਵਿਖੇ ਆਪਣੇ ਦਲ ਦਾ ਭਵਿੱਖ ਹਨੇਰ੍ਹੇ ਵਿੱਚ ਨਜ਼ਰ ਆ ਰਿਹਾ ਹੈ। ਜਿਸ ਕਰਕੇ ਸਰਨਾ ਨਾਪੱਖੀ ਸਿਆਸਤ ਨੂੰ ਹੁੰਗਾਰਾ ਦਿੰਦੇ ਹੋਏ ਅਕਾਲੀ ਦਲ ਖਿਲਾਫ਼ ਰੋਜ਼ਾਨਾ ਬੋਲ ਕੇ ਆਪਣੇ ਵਿੱਖਰੇ ਸਿਆਸੀ ਕੁੰਨਬੇ ਨੂੰ ਇੱਕ ਰੱਸੀ ਵਿੱਚ ਪਿਰੋਉਣ ਦੀ ਲੜ੍ਹੀ ਤਹਿਤ ਫੋਕੀ ਬਿਆਨਬਾਜ਼ੀ ਕਰ ਰਹੇ ਹਨ। ਮਨਮੋਹਨ ਨੇ ਸਰਨਾ ਨੂੰ ਬਿਆਨਬਾਜੀ ਕਰਨ ਦੀ ਥਾਂ ਆਪਣੇ ਦਲ ਦੀ ਤਾਕਤ ਦਾ ਮੁਜਾਹਿਰਾ ਪੰਥਕ ਤੇ ਕੌਮੀ ਮਸਲਿਆਂ ਤੇ ਸਰਕਾਰਾਂ ਅਤੇ ਵਿਦੇਸ਼ੀ ਸਫਾਰਤਖਾਨਿਆਂ ਦੇ ਮੁਹਰੇ ਪ੍ਰਦਰਸ਼ਨਾਂ ਦੌਰਾਨ ਦਿਖਾਉਣ ਦੀ ਵੀ ਚੁਨੌਤੀ ਦਿੱਤੀ ਹੈ। ਕਮੇਟੀ ਵੱਲੋਂ ਲਗਾਤਾਰ ਧਰਮ ਪ੍ਰਚਾਰ ਤੇ ਸਿੱਖਿਆ ਵਾਸਤੇ ਕੀਤੇ ਜਾ ਰਹੇ ਕਾਰਜਾਂ ਨੂੰ ਮਨਮੋਹਨ ਨੇ ਬੇਮਿਸਾਲ ਵੀ ਕਰਾਰ ਦਿਤਾ।
Punjab Post Daily Online Newspaper & Print Media