ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ ਸੱਗੂ) -ਪੰਜਾਬ ਜੈਵ ਵਿਭਿੰਨਤਾ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਜੈਵ-ਵਿਭਿੰਨਤਾ ਅਤੇ ਜੈਵ-ਵਿਭਿੰਨਤਾ ਕਾਨੂੰਨ 2002 ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਜੈਵ-ਵਿਭਿੰਨਤਾ ਨੂੰ ਸੰਭਾਲਣ ਲਈ ਸਬੰਧਤ ਵਿਭਾਗਾਂ, ਸਿੱਖਿਆ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ ਗਿਆ। ਪ੍ਰੋਗਰਾਮ ਵਿਚ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਮੈਂਬਰ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਜੰਗਲਾਤ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਵਿਭਾਗਾਂ ਦੇ ਪ੍ਰਤੀਨਿਧਾਂ, ਵਿਦਿਅਕ ਮਾਹਿਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਨੇ ਦੱਸਿਆ ਕਿ ਜੈਵ-ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ 33 ਪਿੰਡ ਪੱਧਰੀ ਅਤੇ 4 ਬਲਾਕ ਪੱਧਰੀ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦਾ ਮੁੱਖ ਮੰਤਵ ਆਪਣੇ-ਆਪਣੇ ਖੇਤਰ ਵਿਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ, ਉਸ ਦੀ ਨਿਰੰਤਰ ਵਰਤੋਂ, ਜੈਵਿਕ ਸਰੋਤਾਂ ਦਾ ਦਸਤਾਵੇਜ਼ੀਕਰਨ ਆਦਿ ਕਰਨਾ ਹੈ। ਉਨ੍ਹਾਂ ਕਿਹਾ ਕਿ ਜੈਵ-ਵਿਭਿੰਨਤਾ ਕਾਨੂੰਨ ਨੂੰ ਜ਼ਿਲ੍ਹੇ ਵਿਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਉਚ ਵਿਗਿਆਨਕ ਅਫ਼ਸਰ, ਪੰਜਾਬ ਜੈਵ ਵਿਭਿੰਨਤਾ ਬੋਰਤ, ਸ੍ਰੀ ਗੁਰਹਰਮਿੰਦਰ ਸਿੰਘ ਨੇ ਮੈਂਬਰਾਂ ਨੂੰ ਜੈਵ-ਵਿਭਿੰਨਤਾ ਕਾਨੂੰਨ 2002 ਦੀਆਂ ਮੁੱਖ ਧਾਰਾਵਾਂ, ਜੈਵ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਉਸ ਨਾਲ ਹੋਣ ਵਾਲੇ ਫਾਇਦਿਆਂ ਆਦਿ ਤੋਂ ਜਾਗਰੂਕ ਕੀਤਾ ਅਤੇ ਬੋਰਡ ਵੱਲੋਂ ਜੈਵ ਵਿਭਿੰਨਤਾ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਹੋਰ ਉਪਰਾਲਿਆਂ ਬਾਰੇ ਵੀ ਦੱਸਿਆ। ਇਸ ਮੌਕੇ ਐਸ. ਡੀ. ਐਮ ਅਜਨਾਲਾ ਹਰਦੀਪ ਸਿੰਘ ਧਾਲੀਵਾਲ, ਡਵੀਜ਼ਨਲ ਜੰਗਲਾਤ ਅਫ਼ਸਰ ਸਤਿੰਦਰ ਕੁਮਾਰ ਸਾਗਰ, ਪ੍ਰਿੰਸੀਪਲ ਖਾਲਸਾ ਕਾਲਜ ਡਾ. ਮੈਹਲ ਸਿੰਘ, ਐਸੋਸੀਏਟ ਪ੍ਰੋਫੈਸਰ ਡਾ. ਆਦਰਸ਼ ਪਾਲ ਵਿਗ, ਡਾ ਅਮਰਜੀਤ ਸਿੰਘ ਸੁਧਨ, ਡਾ. ਚੰਦਰ ਪ੍ਰਕਾਸ਼ ਅਤੇ ਗੀਤਾਂਜਲੀ ਕਨਵਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਦੀ ਜੈਵਿਕ ਵਿਭਿੰਨਤਾ ਨੂੰ ਦਰਸਾਉਣ ਲਈ ਇਕ ਪ੍ਰਦਰਸ਼ਨੀ ਵੀ ਲਗਾਈ ਗਈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media