
ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)-ਜ਼ਿਲ੍ਹੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਜਲਦ ਹੱਲ ਹੋਣ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਵਿਚ ਪਸ਼ੂ ਰੱਖਾਂ ਬਣਾਉਣ ਦੇ ਫ਼ੈਸਲੇ ਤਹਿਤ ਚੋਗਾਵਾਂ ਬਲਾਕ ਦੇ ਪਿੰਡ ਠੱਠੀ ਵਿਖੇ ਉਸਾਰੀ ਜਾ ਰਹੀ ਪਸ਼ੂ ਰੱਖ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਸ੍ਰੀ ਰੂਜਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਜ਼ਿਲ੍ਹਿਆਂ ਵਿਚ ਪਸ਼ੂ ਰੱਖਾਂ ਉਸਾਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਚੋਗਾਵਾਂ ਬਲਾਕ ਦੇ ਪਿੰਡ ਠੱਠੀ ਵਿਖੇ ਪਸ਼ੂ ਰੱਖ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਕਿ ਜਲਦ ਮੁਕੰਮਲ ਕੀਤਾ ਜਾ ਰਿਹਾ ਹੈ।
ਸ੍ਰੀ ਰੂਜਮ ਨੇ ਕਿਹਾ ਕਿ ਰੱਖ ਦੀ ਚਾਰਦੀਵਾਰੀ ਅਤੇ ਮੁੱਖ ਸ਼ੈੱਡ ਦਾ ਕੰਮ ਮੁਕੰਮਲ ਹੋ ਗਿਆ ਹੈ ਜਦਕਿ ਚਾਰਾ ਸਟੋਰ ਅਤੇ ਹੋਰਨਾਂ ਸਹੂਲਤਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਥੇ ਜਲਦ ਤੋਂ ਜਲਦ ਨਿਰਵਿਘਨ ਬਿਜਲੀ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਰੱਖ ਵਿਚ ਪੌਦੇ ਅਤੇ ਐਲ. ਈ. ਡੀ ਲਾਈਟਾਂ ਲਗਾਉਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਪਿੰਡ ਘਰਿੰਡੀ ਵਿਖੇ ਕੁਆਰਨਟੀਨ ਸਟੇਸ਼ਨ ਸਥਾਪਿਤ ਕਰਨ ਲਈ ਹੋਰ ਜ਼ਮੀਨ ਪ੍ਰਾਪਤ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਅਜਨਾਲਾ ਸ੍ਰੀ ਐਚ. ਐਚ ਧਾਲੀਵਾਲ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸ. ਹਰਜਿੰਦਰ ਸਿੰਘ, ਡਾ. ਪਵਨ ਕੁਮਾਰ ਮਲਹੋਤਰਾ, ਇੰਜੀ: ਬੀ. ਸੀ ਐਰੀ, ਡਾ. ਕੰਵਰ ਅਜੈ ਸਿੰਘ, ਡਾ. ਦਰਸ਼ਨ ਲਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media