Tuesday, September 29, 2026

ਮਹਾਰਾਸ਼ਟਰ ਤੇ ਅੰਮ੍ਰਿਤਸਰ ਦੀ ਤਰਕਸ਼ੀਲ ਸੰਸਥਾ ਨੇ ਲਹਿਰ ਸਬੰਧੀ ਆਪਣੇ ਤਜਰਬੇ ਕੀਤੇ ਸਾਂਝੇ

PPN1803201626

ਅੰਮ੍ਰਿਤਸਰ, 18 ਮਾਰਚ (ਦੀਪ ਦਵਿੰਦਰ ਸਿੰਘ) – ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਆਗੂ ਅਤੇ ਮਰਹੂਮ ਤਰਕਸ਼ੀਲ ਆਗੂ ਡਾ. ਨਰਿੰਦਰ ਦਾਬੋਲਕਰ ਦੇ ਕਰੀਬੀ ਸਾਥੀ ਪ੍ਰਿੰਸੀਪਲ ਡਾ. ਰਾਜਿੰਦਰ ਕੰਕਰੀਆ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਤਰਕਸ਼ੀਲ ਲਹਿਰ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਡਾ. ਕੰਕਰੀਆ ਨੇ ਦਸਿਆ ਕਿ ਡਾ. ਦਾਬੋਲਕਰ ਨੇ ਸਮੁੱਚੇ ਮਹਾਰਾਸ਼ਟਰ ਵਿਚ ਪੂਰੇ ਚਾਰ ਦਹਾਕੇ ਲੋਕਾਂ ਨੂੰ ਵਹਿਮਾਂ ਭਰਮਾਂ, ਅੰਧ ਵਿਸ਼ਵਾਸ਼ਾਂ, ਜਾਤ ਪਾਤ, ਫਿਰਕਾਪ੍ਰਸਤੀ, ਮੂਰਤੀ ਵਿਸਰਜਨ ਅਤੇ ਹੋਰ ਕਈ ਤਰ੍ਹਾਂ ਦੀਆਂ ਰੂੜੀਵਾਦੀ ਰਸਮਾਂ ਅਤੇ ਸਮਾਜਕ ਬੁਰਾਈਆਂ ਖਿਲਾਫ ਜਿਥੇ ਲਗਾਤਾਰ ਜਾਗਰੂਕ ਕੀਤਾ, ਉਥੇ ਹੀ ਪਾਖੰਡ ਬਾਬਿਆਂ, ਜੋਤਸ਼ੀਆਂ ਅਤੇ ਕਥਿਤ ਕਾਲੇ ਇਲਮ ਦੇ ਦਾਅਵੇਦਾਰਾਂ ਦੇ ਖਿਲਾਫ ਜਾਦੂ ਟੂੰਣਾ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਬਣਾਉਣ ਲਈ ਪੂਰੀ ਨਿਡਰਤਾ ਨਾਲ ਜਦੋ ਜਹਿਦ ਵੀ ਕੀਤੀ ਪਰ ਫਿਰਕੂ ਸੰਗਠਨਾਂ ਵਲੋਂ ਆਪਣੀ ਫਿਰਕੂ ਅਤੇ ਫਾਸ਼ੀਵਾਦੀ ਅਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਡਾ. ਦਾਬੋਲਕਾਰ ਦੀ ਹਤਿਆ ਕਰ ਦਿਤੀ ਗਈ।
ਉਨ੍ਹਾਂ ਦਸਿਆ ਕਿ ਡਾ. ਦਾਬੋਲਕਰ ਦੀ ਹਤਿਆ ਤੋਂ ਬਾਅਦ ਮਹਾਰਾਸ਼ਟਰ ਵਿਚ ਲਾਗੂ ਹੋਏ ਕਾਲਾ ਜਾਦੂ ਟੂਣਾ ਵਿਰੋਧੀ ਕਾਨੂੰਨ ਤਹਿਤ 35 ਪਾਖੰਡੀ ਬਾਬਿਆਂ ਖਿਲਾਫ ਕੇਸ ਦਰਜ ਕੀਤੇ ਗਏ ਅਤੇ ਕਈਆਂ ਨੂੰ ਸਜਾ ਵੀ ਹੋ ਚੁੱਕੀ ਹੈ।  ਇਸ ਮੌਕੇ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਲੋਕਾਂ ਵਿਚ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਲਈ ਵਰਤੇ ਜਾਂਦੇ ਢੰਗ ਤਰੀਕਿਆਂ, ਤਰਕਸ਼ੀਲ ਮੈਗਜ਼ੀਨ ਅਤੇ ਤਰਕਸ਼ੀਲ ਸਾਹਿਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਲੋਕਪਖੀ ਸਮਾਜਿਕ ਤੇ ਸਭਿਆਚਾਰਕ ਤਬਦੀਲੀ ਲਈ ਪਾਏ ਜਾ ਰਹੇ ਯੋਗਦਾਨ ਦਾ ਹਵਾਲਾ ਵੀ ਦਿੱਤਾ। ਇਸ ਮੌਕੇ ਤਰਕਸ਼ੀਲ ਆਗੂਆਂ ਅਮਰਜੀਤ ਬਾਈ, ਕਾਮਰੇਡ ਅਜੀਤ ਸਿੰਘ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਮਾਸਟਰ ਕੁਲਜੀਤ ਸਿੰਘ, ਸੁਖਮੀਤ ਸਿੰਘ, ਅਮਰਜੀਤ ਕੋਹਾਲੀ, ਬੀ.ਐਮ ਸਿੰਘ, ਕਰਨਰਾਜ ਸਿੰਘ ਨੇ ਡਾ. ਕੰਕਰੀਆ ਨੂੰ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਜਥੇਬੰਦਕ ਢਾਂਚੇ ਸਬੰਧੀ ਵੱਖ ਵੱਖ ਸਵਾਲ ਕੀਤੇ। ਡਾ. ਕੰਕਰੀਆ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਮੁੱਚੇ ਦੇਸ਼ ਦੀ ਤਰਕਸ਼ੀਲ ਲਹਿਰ ਵਿਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਲਈ ਸੁਸਾਇਟੀ ਦੀ ਪ੍ਰਸੰਸਾ ਕੀਤੀ ਅਤੇ ਸੰਘ ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਹਮਲਿਆਂ ਦਾ ਡਟ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply