
ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ)- ਇਤਿਹਾਸਕ ਖ਼ਾਲਸਾ ਕਾਲਜ ਦੀ ਮੈਨੇਜ਼ਮੈਂਟ ਦੁਆਰਾ ਅੱਜ ਕਾਲਜ ਕੈਂਪਸ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਡਿਸਪੈਂਸਰੀ-ਕਮ-ਅਰਬਨ ਹੈਲਥ ਸੈਂਟਰ ਦਾ ਉਦਘਾਟਨ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਨਵ-ਨਿਰਮਾਣਤ ਬਲਾਕ ਵਿੱਚ ਚਲਣ ਵਾਲੀ ਇਹ ਡਿਸਪੈਂਸਰੀ ਖ਼ਾਲਸਾ ਕਾਲਜ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਮੁੱਢਲੀਆਂ ਸੁਵਿਧਾਵਾਂ ਤੋਂ ਇਲਾਵਾ ਫਿਜੀਓਥਰੈਪੀ ਅਤੇ ਖ਼ਾਲਸਾ ਡਾਇਗੋਨੈਸਟਿਕ ਲੈਬੋਰਟਰੀ ਨਾਲ ਰਾਬਤਾ ਕਾਇਮ ਕਰਕੇ ਇਕ ਕੜੀ ਵਜੋਂ ਕੰਮ ਕਰੇਗੀ।
ਸ: ਛੀਨਾ ਨੇ ਕਿਹਾ ਕਿ ਇਹ ਡਿਸਪੈਂਸਰੀ ਵਿੱਚ 25 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਡਿਸਪੈਂਸਰੀ ਦੀ ਪੁਰਾਣੀ ਇਮਾਰਤ ਖਸਤਾ ਹਾਲਤ ਵਿੱਚ ਸੀ, ਜਿਸ ਦਾ ਪੁਨਰ ਨਿਰਮਾਣ ਕਰਕੇ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਇਮਾਰਤ ਨਾਲ ਤਾਲਮੇਲ ਬਿਠਾਉਂਦਿਆਂ ਇਸ ਬਲਾਕ ਦੀ ਨਵੀਂ ਬਿਲਡਿੰਗ ਨੂੰ ਪੁਰਾਤਨ ਭਵਨ ਨਿਰਮਾਣ ਕਲਾ ਦੇ ਹੂਬਹੂ ਰੂਪ ਵਜੋਂ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪਸ ਤੋਂ ਬਾਹਰ ਆਮ ਲੋਕਾਂ ਵੀ ਇਸ ਸਹੂਲਤ ਦੀ ਵਰਤੋਂ ਮਾਮੂਲੀ ਫ਼ੀਸ ਅਦਾ ਕਰ ਸਕਦੇ ਹਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਵਿਦਿਆਰਥੀਆਂ ਅਤੇ ਸਟਾਫ ਦੀ ਪੁਰਜ਼ੋਰ ਮੰਗ ‘ਤੇ ਹੈਲਥ ਸੈਂਟਰ ਨੂੰ ਨਵੀਂ ਬਣੀ ਇਮਾਰਤ ਵਿੱਚ ਤਬਦੀਲ ਕਰਕੇ ਸਹੂਲਤਾਂ ਵਿੱਚ ਵਾਧਾ ਕੀਤਾ ਗਿਆ ਹੈ। ਸ: ਛੀਨਾ ਨੇ ਇਸ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਡਿਸਪੈਂਸਰੀ ਇਸ ਖੇਤਰ ਵਿੱਚ ਆਧੁਨਿਕ ਮੈਡੀਕਲ ਸੁਵਿਧਾ ਦੇ ਤੌਰ ‘ਤੇ ਉਭਰੇਗੀ। ਕਾਲਜ ਦੇ ਮੈਡੀਕਲ ਅਫ਼ਸਰ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਡਿਸਪੈਂਸਰੀ ਦੇ ਨਾਲ ਲੱਗਦੇ ਫ਼ਿਜੀਓਥਰੈਪੀ ਵਿਭਾਗ ਵਿਖੇ ਟੀ. ਐੱਮ. ਟੀ., ਈ. ਸੀ. ਜੀ., ਟੀ. ਐੱਫ਼. ਟੀ. ਅਤੇ ਹੋਰ ਆਧੁਨਿਕ ਮਸ਼ੀਨਾਂ ਮੌਜ਼ੂਦ ਹਨ ਅਤੇ ਡਾਇਗੋਨੈਸਟਿਕ ਲੈਬੋਰਟਰੀ ਦੀ ਸਹੂਲਤ ਵੀ ਇਸਦੇ ਨਾਲ ਪ੍ਰਦਾਨ ਕੀਤੀ ਗਈ ਹੈ।
ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਕੀਤੀ ਗਈ, ਜਿਸ ਵਿੱਚ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਨਿਰਮਲ ਸਿੰਘ, ਸ: ਸਰੂਦਲ ਸਿੰਘ ਮੰਨਨ, ਸ: ਰਾਜਬੀਰ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ੍ਰੀ ਐੱਨ. ਕੇ. ਸ਼ਰਮਾ ਆਦਿ ਤੋਂ ਇਲਾਵਾ ਸਮੂਹ ਕਾਲਜ, ਸਕੂਲ ਦੇ ਪ੍ਰਿੰਸੀਪਲਜ਼ ਤੇ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media