Thursday, June 25, 2026

ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

PPN2303201601

ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਦੇਸ਼ ਦੀ ਅਜਾਦੀ ਖਾਤਿਰ ਖਿੜੇ ਮੱਥੇ ਫਾਂਸੀ ਦੇ ਰੱਸੇ ਚੁੰਮਣਵਾਲੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜਿਲ੍ਹਾ ਕਾਂਗਰਸ ਦੀ ਸਮੁਚੀ ਲੀਡਰਸ਼ਿਪ ਨੇ ਦੇਸ਼ ਵਾਸੀਆਂ ਨੂੰ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਪੀਲ ਕੀਤੀ।ਜਿਲ੍ਹਾ ਕਾਂਗਰਸ ਦਿਹਾਤੀ ਦੇ ਦੇ ਵਿਹੜੇ ਵਿੱਚ ਅਯੋਜਿਤ ਇਕ ਬਹੁਤ ਹੀ ਸਾਦਾ ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁਲਾਰਿਆਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੱਦਾ ਦਿੱਤਾ ਕਿ ਅੱਜ ਦੇਸ਼ ਤੇ ਸੂਬੇ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣ ਦੀ ਲੋੜ ਹੈ ਜੋ ਨੋਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲਣ ਦੇ ਦੋਸ਼ੀ ਹਨ ਤੇ ਜੋ ਲੋਕ ਇਨਕਲਾਬ ਜਿੰਦਾਬਾਦ ਦੇ ਫੋਕੇ ਨਾਅਰੇ ਲਗਾ ਕੇ ਆਮ ਲੋਕਾਂ ਨੂੰ ਗੁਮਰਾਹ ਕਰਨ ਦੀ ਤਾਕ ਵਿੱਚ ਹਨ ।ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਮੱਕੜ ਜਾਲ ਅਤੇ ਉਸਦੇ ਮਾੜੇ ਪ੍ਰਭਾਵਾਂ ਬਾਰੇ ਡਾਕੂਮੈਂਟਰੀ ਫਿਲਮ ਤਿਆਰ ਕਰਨ ਵਾਲੇ ਮੈਡਮ ਸਾਧਵੀ ਖੋਸਲਾ ਇਸ ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਭੇਟ ਕਰਨ ਨਾਲ ਹੋਈ।ਸਮਾਗਮ ਨੂੰ ਸ੍ਰ: ਸਰਦੂਲ ਸਿੰਘ ਬੰਡਾਲਾ, ਸਵਿੰਦਰ ਸਿੰਘ ਕਥੂਨੰਗਲ, ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜੋਗਿੰਦਰ ਪਾਲ ਢੀਂਗਰਾ, ਜਸਵਿੰਦਰ ਸਿੰਘ ਰਮਦਾਸ, ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ੍ਰ:ਗੁਰਜੀਤ ਸਿੰਘ ਔਜਲਾ, ਮਨਦੀਪ ਸਿੰਘ ਮੰਨਾ, ਮਨਮੋਹਨ ਸਿੰਘ ਗੁਮਟਾਲਾ ਸਮੇਤ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਜੋਰ ਦਿੱਤਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਇੱਕ ਇਨਕਲਾਬੀ ਸੰਸਥਾ ਸਨ, ਜਿਨ੍ਹਾਂ ਨੇ ਅੰਗਰੇਜਾਂ ਵਲੋਂ ਹਿੰਦੁਸਤਾਨੀ ਅਵਾਮ ਤੇ ਕੀਤੇ ਜੁਲਮਾਂ ਖਿਲਾਫ ਅਵਾਜ਼ ਬੁਲੰਦ ਕੀਤੀ ਤੇ ਆਪਣੀ ਅਵਾਜ ਪਹੁੰਚਾਉਣ ਹਿੱਤ ਆਪਣੀਆਂ ਜਾਨਾਂ ਨਿਛਾਵਰ ਕਰਨ ਤੋਂ ਵੀ ਸੰਕੋਚ ਨਹੀ ਕੀਤਾ।ਆਗੂਆਂ ਨੇ ਕਿਹਾ ਕਿ ਸੂਬੇ ਦੇ ਲੋਕ ਉਸ ਦੋਗਲੀ ਵਿਚਾਰਧਾਰਾ ਦੇ ਲੋਕਾਂ ਤੋਂ ਮੁਕਤ ਨਹੀ ਹੋ ਸਕੇ, ਜਿਨ੍ਹਾਂ ਕਾਰਣ ਪੰਜਾਬ ਨੇ ਇੱਕ ਲੰਬਾ ਸੰਤਾਪ ਹੰਢਾਇਆ ਹੈ।ਪੜਾਈ ਦੇ ਬਾਵਜੂਦ ਵੀ ਨੋਜੁਆਨ ਬੇਰੁਜਗਾਰੀ ਕਾਰਣ ਨਾਮੋਸ਼ੀ ਵਿੱਚ ਵਿਚਰ ਰਹੇ ਹਨ, ਲੱਖਾਂ ਰੁਪਏ ਖਰਚ ਕੇ ਮਾਤਾ ਪਿਤਾ ਤੋਂ ਦੂਰ ਵਿਦੇਸ਼ਾਂ ਵਿੱਚ ਰੁਜਗਾਰ ਤਲਾਸ਼ਣ ਲਈ ਮਜਬੂਰ ਹਨ ਅਤੇ ਇਸ ਤੋਂ ਵੀ ਦਰਦਨਾਕ ਤੇ ਘਾਤਕ ਹੈ ਕਿ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਨੋਜੁਆਨਾਂ ਨੂੰ ਨਸ਼ਿਆਂ ਦੇ ਰਾਹ ਤੋਰ ਦਿੱਤਾ ਗਿਆ ਹੈ ।ਉਨ੍ਹਾਂ ਸੂਬਾ ਵਾਸੀਆਂ ਨੂੰ ਯਕੀਨ ਦਿਵਾਇਆ ਹੈ ਕਿ ਕਾਂਗਰਸ ਨਸ਼ਾ ਮੁਕਤ, ਕਰਜਾ ਮੁਕਤ ਅਤੇ ਬੇਰੁਜਗਾਰੀ ਮੁਕਤ ਪੰਜਾਬ ਸਿਰਜਣ ਲਈ ਦ੍ਰਿੜ ਸੰਕਲਪ ਹੈ।ਇਸ ਮੌਕੇ ਮੈਡਮ ਸਾਧਵੀ ਖੋਸਲਾ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਜੰਡਿਆਲਾ ਗੁਰੂ ਹਲਕੇ ਦੇ ਵਿਕਾਸ ਕਾਰਜ਼ਾਂ ਦੀ ਕੀਤੀ ਸਮੀਖਿਆ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ …

Leave a Reply