
ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਅਤੇ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਪਹਿਲੀ ਅਪ੍ਰੈਲ ਨੂੰ ਅਪ੍ਰੈਲ ਫੂਲ ਵਾਲੇ ਦਿਨ ਮਜਾਕ ਕਰਦੇ ਹੋਏ ਆਪਣੀ ਫੇਸਬੁਕ ਦੀ ਟਾਈਮਲਾਈਨ ‘ਤੇ ਆਪਣੇ ਅਸਤੀਫੇ ਦਾ ਸਟੇਟਸ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਪੰਜਾਬ ਪ੍ਰਦੇਸ਼ ਕਾਂਗਰਜਸ ਕਮੇਟੀ ਦੇ ਸੀਨੀਅਰ ਮੈਂਬਰ ਮਨਦੀਪ ਸਿੰਘ ਮੰਨਾ ਨੇ ਇਕ ਸੋਚਿਆ ਸਮਝਿਆ ਸਿਆਸੀ ਡਰਾਮਾ ਦੱਸਿਆ ਹੈ। ਡਾ. ਸਿੱਧੂ ਨੇ ਇਹ ਡਰਾਮਾ ਕਰਕੇ ਇਥੇ ਸੰਸਦੀ ਸਕੱਤਰ ਦੇ ਅਹੁਦੇ ਦੀ ਅਹਿਮੀਅਤ ਦਾ ਅਪਮਾਨ ਕੀਤਾ, ਉਥੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਖੇਤਰ ਦੇ ਲੱਖਾਂ ਲੋਕਾਂ ਦੇ ਨਾਲ ਨਾਲ ਦੁਨੀਆਂ ਦੇ ਸਾਮ੍ਹਣੇ ਸੱਚ ਲਿਆਉਣ ਵਾਲੇ ਮੀਡੀਆ ਨੂੰ ਵੀ ਗੁਮਰਾਹ ਕਰਨ ਦਾ ਜੁਰਮ ਕੀਤਾ ਹੈ। ਮੰਨਾ ਡਾ. ਸਿੱਧੂ ਵੱਲੋਂ ਕੀਤੀ ਗਈ ਸ਼ੋਸ਼ੇਬਾਜੀ ਦੇ ਖਿਲਾਫ ਆਪਣੇ ਵਿਚਾਰ ਮੀਡੀਆ ਦੇ ਸਾਮ੍ਹਣੇ ਪੇਸ਼ ਕਰ ਰਹੇ ਸਨ।
ਮੰਨਾ ਨੇ ਕਿਹਾ ਕਿ ਡਾ. ਸਿੱਧੂ ਸਾਢੇ ਚਾਰ ਸਾਲਾਂ ਤੋਂ ਉਲਟੇ ਸਿੱਧੇ ਬਿਆਨ ਦੇ ਕੇ ਸਿਰਫ ਮੀਡੀਆ ਵਿੱਚ ਚਰਚਿਤ ਰਹਿਣ ਲਈ ਆਮ ਲੋਕਾਂ ਨੂੰ ਫੂਲ ਬਣਾਉਂਦੀ ਰਹੀ ਜਦਕਿ ਇਸ ਤੋਂ ਪਹਿਲਾਂ ਇਸਦਾ ਪਤੀ ਨਵਜੋਤ ਸਿੰਘ ਸਿੱਧੂ ਵੀ ਅਜਿਹੀਆਂ ਹੀ ਡਰਾਮੇਬਾਜੀਆਂ ਕਰਕੇ ਚਰਚਾ ਵਿੱਚ ਰਿਹਾ ਹੈ। ਦੋਵੇਂ ਪਤੀ-ਪਤਨੀ ਪੱਕੇ ਕਲਾਕਾਰ ਹਨ ਇਹ ਆਪਣੀ ਟੀ.ਆਰ.ਪੀ ਵਧਾਉਣ ਲਈ ਕਿਸੇ ਦੀਆਂ ਵੀ ਭਾਵਨਾਵਾਂ ਅਤੇ ਸੰਵਿਧਾਨਕ ਮਰਿਆਦਾਵਾਂ ਦੇ ਨਾਲ ਖਿਲਵਾੜ ਕਰਨ ਤੋਂ ਗੁਰੇਜ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਪਿਛਲੇ ਸਾਢੇ 9 ਸਾਲਾਂ ਤੋਂ ਪੰਜਾਬ ਦੀ ਜਨਤਾ ਨੂੰ ਅਪ੍ਰੈਲ ਫੂਲ ਬਣਾਉਂਦੀ ਆ ਰਹੀ ਹੈ।
Punjab Post Daily Online Newspaper & Print Media