
ਮੁਕੇਰੀਆਂ (ਹੁਸ਼ਿਆਰਪੁਰ), 2 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਤਿਗੁਰੂ ਦਲੀਪ ਸਿੰਘ ਦੀ ਹਜ਼ੂਰੀ ਅਤੇ ਛੱਤਰ-ਛਾਇਆ ਹੇਠ ਮਨਾਏ ਜਾ ਰਹੇ ਤ੍ਰਿਵੇਣੀ ਸੰਗਮ ਪੰਥਕ ਏਕਤਾ ਹੋਲੇ-ਮਹੱਲੇ ਦੇ ਦੂਜੇ ਦਿਨ ਵੀ ਅੱਜ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਦਾ ਕੀਰਤਨ ਤੋਂ ਬਾਅਦ ਨਿਰੰਤਰ ਕਥਾ-ਕੀਰਤਨ ਅਤੇ ਦੀਵਾਨਾਂ ਦਾ ਪ੍ਰਵਾਹ ਚੱਲਿਆ।ਅੱਜ ਹੋਲੇ-ਮਹੱਲੇ ਦੇ ਦੂਜੇ ਦਿਨ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਤਿਗੁਰੂ ਦਲੀਪ ਸਿੰਘ ਦੇ ਪੰਥਕ ਏਕਤਾ ਦੇ ਨਾਅਰੇ ਨੂੰ ਹੋਰ ਵੀ ਬੁਲੰਦ ਕੀਤਾ। ਅੱਜ ਦੁਪਹਿਰ ਦਾ ਸਮਾਗਮ ਬਹੁਤ ਹੀ ਵਿਲੱਖਣ ਹੋ ਨਿਬੜਿਆ ਜਦੋਂ ਸਮਾਗਮ ਦੀ ਸ਼ੁਰੂਆਤ ਗੱਤਕੇ ਨਾਲ ਕੀਤੀ ਗਈ ਜਿਸ ਦੇ ਨਾਲ-ਨਾਲ ਜਥੇਦਾਰਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬੀਰ ਰਸ ਵਿੱਚ ਪੜੀ।ਇਸ ਮੌਕੇ ਸਤਿਗੁਰੂ ਦਲੀਪ ਸਿੰਘ ਨੇ ਸ੍ਰੀ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਭਾਵੇਂ ਸਿੱਖ ਪੰਥ ਭਗਤੀ ਦਾ ਮਾਰਗ ਹੈ, ਪਰ ਪਰਸਥਿਤੀਆਂ ਨੂੰ ਵੇਖਦਿਆਂ ਹੋਇਆਂ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਹਥਿਆਰ ਚੁੱਕਣੇ ਪਏ ਸਨ।ਇਸ ਮੌਕੇ ਸਟੇਜ ਉਪਰ 10 ਸਿੰਘ ਅਤੇ 10 ਬੀਬੀਆਂ ਕਿਰਪਾਨਾਂ ਫੜਕੇ ਸਟੇਜ ਉਪਰ ਹਾਜ਼ਰ ਸਨ।
ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪੂਰਨ ਰੂਪ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਹਾਂ।ਸਤਿਗੁਰੂ ਨਾਨਕ ਦੇਵ ਜੀ ਦਾ ਹਰ ਸਿੱਖ ਸ਼ਾਂਤੀ ਦਾ ਪੁੰਜ ਹੈ ਪਰ ਹਾਲਾਤ ਨੂੰ ਵੇਖਦੇ ਹੋਏ ਆਪਣੀ ਸਵੈ-ਰੱਖਿਆ ਵਾਸਤੇ ਹਿੰਸਾ ਕਰਨੀ ਜ਼ਾਇਜ਼ ਹੈ।ਜਿਹੜੇ ਕਹਿੰਦੇ ਹਨ ਕਿ ਉਹਨਾਂ ਨੇ (ਸਤਿਗੁਰੂ ਦਲੀਪ ਸਿੰਘ)ੇ ਆਪਣੇ ਸਿੱਖਾਂ ਨੂੰ ਕਿਰਪਾਨਾਂ ਪਵਾ ਕੇ ਨਾਮਧਾਰੀ ਮਰਯਾਦਾ ਤਹਿਸ ਨਹਿਸ ਕਰ ਦਿੱਤੀ ਹੈ।ਉਹਨਾਂ (ਧਰਮ ਦੇ ਅਖੌਤੀ ਠੇਕੇਦਾਰਾਂ) ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਸਕੂਲ ਦੇ ਉਹ ਵਿਦਿਆਰਥੀ ਹਨ, ਉਸ ਸਕੂਲ ਦੇ ਉਹ (ਸਤਿਗੁਰੂ ਦਲੀਪ ਸਿੰਘ) ਅਧਿਆਪਕ ਹਨ। ਨਾਮਧਾਰੀਆਂ ਨੂੰ ਕਿਰਪਾਨਾਂ ਪਵਾ ਕੇ ਉਹਨਾਂ ਨੇ ਪੁਰਾਣੀ ਨਾਮਧਾਰੀ ਮਰਿਯਾਦਾ ਨੂੰ ਫਿਰ ਉਜਾਗਰ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਵਿਦਿਆ ਅਤੇ ਸੰਗੀਤ ਦੇ ਦਾਤੇ ਸਨ।ਉਹਨਾਂ ਦੇ ਦਰਬਾਰ ਵਿੱਚ 52 ਕਵੀ ਸਨ।ਉਸ ਵੇਲੇ ਸਤਿਗੁਰੂ ਜੀ ਵੱਲੋਂ ਤਿਆਰ ਕਰਵਾਏ ਗਏ ਗਰੰਥਾਂ ਦਾ ਵਜ਼ਨ ਤਕਰੀਬਨ ਨੌਂ ਮਣ ਪੱਕਾ ਸੀ।ਜਿਸ ਵਿੱਚੋਂ ਅੱਜ ਸਿਰਫ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡੇ ਕੋਲ ਬਚੀ ਹੈ।ਸਤਿਗੁਰੂ ਗੋਬਿੰਦ ਸਿੰਘ ਜੀ ਦਾ ਰਬਾਬ ਅੱਜ ਵੀ ਮੰਡੀ ਹਿਮਾਚਲ ਗੁਰਦੁਆਰੇ ਵਿੱਚ ਸੁਸ਼ੋਭਿਤ ਹੈ।ਇਸ ਮੌਕੇ ਸਤਿਗੁਰੂ ਦਲੀਪ ਸਿੰਘ ਨੇ ਸੰਗਤਾਂ ਨੂੰ ਜਾਪੁ ਸਾਹਿਬ ਅਤੇ ਸ਼ਬਦ ਹਜ਼ਾਰੇ ਬਾਰੇ ਕਈ ਅਮੁਲੀਆਂ ਜਾਣਕਾਰੀਆਂ ਦਿੱਤੀਆਂ।
ਇਸ ਮੌਕੇ ਅੱਜ ਵਿਸ਼ੇਸ਼ ਤੌਰ ਤੇ ਸੰਤ ਬਾਬਾ ਚਰਨਜੀਤ ਸਿੰਘ ਦਿੱਲੀ, ਸਵਾਮੀ ਸਤਪ੍ਰੀਤ ਕੌਰ ਸੰਤ ਆਸ਼ਰਮ ਦਕੋਹਾ, ਸੂਬਾ ਭਗਤ ਸਿੰਘ ਮਹੱਦੀਪੁਰ, ਬਾਬਾ ਛਿੰਦਾ ਮੁਹਾਵੇ ਵਾਲੇ, ਸ਼ਿਰੋਮਣੀ ਅਕਾਲੀ ਦਲ ਲੁਧਿਆਣਾ ਦੇ ਸਰਪ੍ਰਸਤ ਬਾਬਾ ਅਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਪਨੇਸਰ, ਬੀ.ਸੀ. ਸੈਲ ਦੇ ਪ੍ਰਧਾਨ ਹਰਦੀਪ ਸਿੰਘ ਪਲਾਹਾ, ਸੁਰਜੀਤ ਸਿੰਘ ਕੌਮੀ ਮੀਤ ਪ੍ਰਧਾਨ ਬੀ.ਸੀ. ਵਿੰਗ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਰਵਿੰਦਰ ਸਿੰਘ ਚੱਕ ਚੇਅਰਮੈਨ, ਲਖਵਿੰਦਰ ਸਿੰਘ ਲੱਖੀ ਹਲਕਾ ਇੰਚਾਰਜ ਟਾਂਡਾ, ਜੀਤ ਸਿੰਘ ਸੰਤਾਂਵਾਲੀ, ਵਕੀਲ ਨਰਿੰਦਰ ਸਿੰਘ, ਅਰਵਿੰਦਰ ਸਿੰਘ ਦਿੱਲੀ, ਸੂਬਾ ਦਰਸ਼ਨ ਸਿੰਘ, ਸੂਬਾ ਅਮਰੀਕ ਸਿੰਘ, ਡਾ. ਸੁਖਦੇਵ ਸਿੰਘ, ਪਲਵਿੰਦਰ ਸਿੰਘ ਕੁੱਕੀ, ਹਰਵਿੰਦਰ ਸਿੰਘ ਗੱਗੀ, ਨਵਤੇਜ ਸਿੰਘ ਅਤੇ ਅਰਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ।
Punjab Post Daily Online Newspaper & Print Media