ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ)- ਐਜੂਕੇਸ਼ਨਲ ਕਮੇਟੀ ਦੇ ਮੂਲ ਸੂਤਰ 43 ਅਨੁਸਾਰ ਐਜੂਕੇਸ਼ਨਲ ਕਮੇਟੀ ਦੀ ਚੋਣ ਉਪਰੰਤ ਨਵੇਂ ਮੈਂਬਰਾਂ ਦੀ ਮਿਤੀ 10 ਅਪ੍ਰੈਲ 2016 ਨੂੰ ਪਹਿਲੀ ਇਕੱਤਰਤਾ ਸ. ਚਰਨਜੀਤ ਸਿੰਘ ਜੀ ਚੱਢਾ, ਪ੍ਰਧਾਨ, ਚੀਫ਼ ਖਾਲਸਾ ਦੀਵਾਨ ਦੀ ਪ੍ਰਧਾਨਗੀ ਹੇਠ ਐਜੂਕੇਸ਼ਨਲ ਕਮੇਟੀ ਦੇ ਦਫ਼ਤਰ ਵਿਚ ਹੋਈ ਜਿਸ ਵਿਚ ਡਾ. ਜਸਵਿੰਦਰ ਸਿੰਘ ਢਿੱਲੋਂ ਐਜੂਕੇਸ਼ਨਲ ਕਮੇਟੀ ਦੇ ਸਰਵ ਸੰਮਤੀ ਨਾਲ ਮੁੜ ਆਨਰੇਰੀ ਸਕੱਤਰ ਚੁਣ ਲਏ ਗਏ। ਇਸ ਦੇ ਨਾਲ ਹੀ ਸ. ਸੰਤੋਖ ਸਿੰਘ ਸੇਠੀ ਨੂੰ ਐਜੂਕੇਸ਼ਨਲ ਕਮੇਟੀ ਦੇ ਐਡੀਸ਼ਨਲ ਆਨਰੇਰੀ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ।
ਇਹ ਕਮੇਟੀ 1908 ਤੋਂ ਲਗਾਤਾਰ 65 ਵਿਦਿਅਕ ਕਾਨਫ਼ਰੰਸਾਂ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਸਫ਼ਲਤਾ ਪੂਰਵਕ ਕਰਵਾ ਚੁੱਕੀ ਹੈ ਅਤੇ ਹੁਣ 66ਵੀਂ ਕਾਨਫ਼ਰੰਸ ਨਵੰਬਰ 2016 ਵਿਚ ਕਰਵਾਉਣ ਜਾ ਰਹੀ ਹੈ। ਇਸ ਵਾਰ ਇਹ ਕਾਨਫ਼ਰੰਸ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ., ਅੰਮ੍ਰਿਤਸਰ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਐਜੂਕੇਸ਼ਨਲ ਕਮੇਟੀ, ਚੀਫ਼ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਸਬੰਧਿਤ ਸਾਰੇ ਸਕੂਲਾਂ ਵਿਚ ਚਲਾਏ ਜਾ ਰਹੇ ਧਰਮ ਅਧਿਐਨ ਵਿਸ਼ੇ ਨਾਲ ਸਬੰਧਿਤ ਹਰ ਜਮਾਤ ਲਈ ਧਰਮ ਪੋਥੀਆਂ ਤਿਆਰ ਕਰਕੇ ਦਿੰਦੀ ਹੈ ਅਤੇ ਇਸੇ ਤਰ੍ਹਾਂ ਅੰਤਰ ਸਕੂਲ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਹਰ ਸਾਲ ਅਯੋਜਿਤ ਕਰਦੀ ਹੈ। ਇਹਨਾਂ ਸਮਾਗਮਾਂ ਵਿਚ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਜਾਂਦੇ ਹਨ। ਕਮੇਟੀ ਵੱਲੋਂ ਲੋੜਵੰਦ ਅਤੇ ਗਰੀਬ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਹਨ।
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਡਾ. ਜਸਵਿੰਦਰ ਸਿੰਘ ਢਿੱਲੋਂ ਅਤੇ ਸ. ਸੰਤੋਖ ਸਿੰਘ ਸੇਠੀ ਨੂੰ ਨਵੀਂ ਜਿੰਮੇਵਾਰੀ ਸੰਭਾਲਣ ਤੇ ਵਧਾਈ ਦਿੰਦਿਆਂ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਮਿਥੇ ਗਏ ਟੀਚਿਆਂ ਨੂੰ ਸਫ਼ਲਤਾ ਪੂਰਵਕ ਪੂਰਾ ਕਰੇਗੀ।
ਮੁੜ ਤੋਂ ਚੁਣੇ ਗਏ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਮੈਂਬਰ ਸਹਿਬਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਜਿੰਮੇਵਾਰੀ ਦੇ ਅੰਤਰਗਤ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਚੀਫ਼ ਖਾਲਸਾ ਦੀਵਾਨ ਵੱਲੋਂ ਐਜੂਕੇਸ਼ਨਲ ਕਮੇਟੀ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਉਨ੍ਹਾਂ ਦੀਆਂ ਇਛਾਵਾਂ ਅਨੁਸਾਰ ਸੰਪੂਰਨ ਕਰਨ ਦਾ ਪੁਰਜ਼ੋਰ ਯਤਨ ਕਰਨਗੇ। ਇਸ ਦੇ ਨਾਲ ਹੀ ਡਾਇਰੈਕਟਰ, ਡਾ. ਧਰਮਵੀਰ ਸਿੰਘ ਨੂੰ 66ਟਹ ਵਰਲਡ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਚੀਫ਼ ਖਾਲਸਾ ਦੀਵਾਨ ਯੂਨੀਵਰਸਿਟੀ ਸਥਾਪਿਤ ਕਰਨ ਦੀਆਂ ਯੋਜਨਾਵਾਂ ਵੀ ਉਲੀਕੀਆਂ ਗਈਆਂ ਅਤੇ ਇਸ ਬਾਰੇ ਡੂੰਘਾ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਇਸ ਮੀਟਿੰਗ ਵਿਚ ਸ. ਧੰਨਰਾਜ ਸਿੰਘ, (ਮੀਤ ਪ੍ਰਧਾਨ), ਚੀਫ਼ ਖਾਲਸਾ ਦੀਵਾਨ, ਸ. ਨਿਰਮਲ ਸਿੰਘ, (ਸਥਾਨਕ ਪ੍ਰਧਾਨ), ਸ. ਨਰਿੰਦਰ ਸਿੰਘ ਖੁਰਾਣਾ, (ਆਨਰੇਰੀ ਸਕੱਤਰ), ਸ. ਹਰਜੀਤ ਸਿੰਘ ਤਰਨਤਾਰਨ ਅਤੇ ਸ. ਰਮਨੀਕ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media