ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਸਿਹਤ ਬੀਮਾ ਯੋਜਨਾ ਦੇ ਲਗਭਗ 50 ਹਜਾਰ ਲਾਭਪਾਤਰੀਆਂ ਨੂੰ ਜਿਨ੍ਹਾਂ ਵਿੱਚ ਨੀਲਾ ਕਾਰਡ ਧਾਰਕ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ, ਕਿਸਾਨ ਸਿਹਤ ਬੀਮਾ ਯੋਜਨਾ, ਵਪਾਰੀ ਸਿਹਤ ਬੀਮਾ ਯੋਜਨਾ ਅਤੇ ਉਸਾਰੀ ਕਿਰਤੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਸਾਮਿਲ ਹਨ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਨੇ ਸਥਾਨਿਕ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿਸਾਨ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਬੀਮਾ ਯੋਜਨਾ ਕਾਰਡ ਵੰਡਣ ਦੀ ਸੁਰੂਆਤ ਕਰਦਿਆ ਦਿੱਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਡਾ. ਅਜੈ ਬੱਗਾ ਸਿਵਲ ਸਰਜਨ ਪਠਾਨਕੋਟ ,ਜਸਵੰਤ ਸਿੰਘ ਢਿੱਲੋਂ ਜਿਲ੍ਹਾ ਟ੍ਰਾਂਸਪੋਰਟ ਅਫਸਰ, ਸ. ਜਰਨੈਲ ਸਿੰਘ ਜਿਲ੍ਹਾਂ ਸਿੱਖਿਆ ਅਧਿਕਾਰੀ ਐਲੀਮੈਂਟਰੀ, ਬਲਬੀਰ ਸਿੰਘ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ, ਵਿਨੈ ਚੋਧਰੀ ਸਕੱਤਰ ਮਾਰਕਿਟ ਕਮੇਟੀ ਨਰੋਟ ਜੈਮਲ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਹਾਜਰ ਸਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਕਿਸਾਨ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹੇ ਅੰਦਰ 4200 ਕਾਰਡ ਬਣਾਏ ਜਾ ਰਹੇ ਹਨ ਅਤੇ ਪਹਿਲੇ ਪੜਾਅ ਵਿੱਚ 1383 ਸਿਹਤ ਬੀਮਾ ਕਾਰਡ ਬਣਾ ਕੇ ਕਿਸਾਨਾਂ ਨੂੰ ਵੰਡੇ ਜਾ ਰਹੇ ਹਨ ਜਿਨ੍ਹਾਂ ਦੀ ਸੁਰੂਆਤ ਅੱਜ ਕਰ ਦਿੱਤੀ ਗਈ ਹੈ ।ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਰਿਵਾਰ ਦੇ ਮੁਖੀ ਸਮੇਤ ਪਰਿਵਾਰ ਦਾ ਨਿਰਭਰ ਮੈਂਬਰ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ 403 ਹਸਪਤਾਲਾਂ (192 ਸਰਕਾਰੀ ਅਤੇ 211 ਪ੍ਰਾਈਵੇਟ ਹਸਪਤਾਲਾਂ) ਵਿੱਚ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ਅਤੇ ਪਰਿਵਾਰ ਦੇ ਮੁਖੀ ਦੀ ਹਾਦਸੇ ਵਿੱਚ ਮੌਤ ਜਾ ਨਕਾਰਾ ਹੋਣ ਤੇ 5 ਲੱਖ ਰੁਪਏ ਦੇ ਬੀਮੇ ਦਾ ਲਾਭ ਦਿੱਤਾ ਜਾਵੇਗਾ । ਉਨ੍ਹਾ ਦੱਸਿਆ ਕਿ ਜੇਕਰ ਕਿਸੇ ਸਿਹਤ ਬੀਮਾ ਕਾਰਡ ਧਾਰਕ ਨੂੰ ਇਲਾਜ ਕਰਵਾਉਣ ਦੋਰਾਨ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੀ ਸਿਕਾਇਤ ,ਟੋਲ ਫ੍ਰੀ ਹੈਲਪ ਲਾਈਨ ਨੰ 104 ਤੇ ਡਾਇਲ ਕਰ ਕੇ ਕਰ ਸਕਦਾ ਹੈ ।
ਉਨ੍ਹਾਂ ਨੇ ਇਸ ਮੋਕੇ ਤੇ 50 ਕਿਸਾਨਾਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡ ਕੇ ਇਸ ਯੋਜਨਾ ਦੀ ਸੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਵਪਾਰੀ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 19 ਅਪ੍ਰੈਲ ਨੂੰ ਪਠਾਨਕੋਟ ਵਿੱਚ ਸਥਿਤ ਗੁਰ ਕਰਤਾਰ ਪੈਲੇਸ ਵਿਖੇ ਵਪਾਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਦੀ ਸੁਰੂਆਤ ਕਰਨਗੇ । ਇਸ ਮੋਕੇ ਤੇ ਡਾ. ਅਮਿਤ ਮਹਾਜਨ ਐਸ.ਡੀ.ਐਮ ਅਤੇ ਡਾ. ਅਜੈ ਬੱਗਾ ਸਿਵਲ ਸਰਜਨ ਨੇ ਵੀ ਆਪਣੇ ਵਿਚਾਰ ਪੇਸ ਕੀਤੇ ।
Check Also
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …
Punjab Post Daily Online Newspaper & Print Media