ਸੰਦੌੜ, 15 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਕੈਨੇਡਾ ਦੀ ਪਾਰਲੀਮੈਂਟ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਸਾਹਿਬ ਕਰਵਾ ਕੇ ਕੈਨੇਡਾ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਨ ਕਾਰਜ ਕੀਤਾ ਹੈ। ਜਿਸ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੈ। ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਇੰਟਰਨੈਸ਼ਨਲ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਫ਼ੈਡਰੇਸ਼ਨ ਦੀ ਅੰਤਰਰਾਸ਼ਟਰੀ ਵਰਕਿੰਗ ਕਮੇਟੀ ਦੇ ਮੈਂਬਰ ਭਾਈ ਸਿਕੰਦਰ ਸਿੰਘ ਨਿਹੰਗ ਇਟਲੀ, ਭਾਈ ਸਿਮਰਨਜੀਤ ਸਿੰਘ ਖ਼ਾਲਸਾ ਇੰਗਲੈਂਡ, ਭਾਈ ਚਰਨਜੀਤ ਸਿੰਘ ਜਰਮਨ ਅਤੇ ਭਾਈ ਰਣਜੀਤ ਸਿੰਘ ਖ਼ਾਲਸਾ ਅਮਰੀਕਾ ਨਿਵਾਸੀ ਨੇ ਅੱਜ ਸਾਂਝੇ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਹੋਇਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।
ਪ੍ਰੈੱਸ ਰਲੀਜ਼ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇੱਕ ਪਾਸੇ ਕੈਨੇਡਾ, ਅਮਰੀਕਾ, ਨਿਊਜੀਲੈਂਡ, ਇੰਗਲੈਂਡ, ਇਟਲੀ ਆਦਿ ਵਰਗੇ ਦੇਸ਼ ਦੀਆਂ ਸਰਕਾਰਾਂ ਸਿੱਖਾਂ ਨੂੰ ਮਾਣ ਬਖਸ਼ ਰਹੀਆਂ ਹਨ ਅਤੇ ਦੂਜੇ ਪਾਸੇ ਧਰਮ ਨਿਰਪੱਖ ਦੇਸ਼ ਦਾ ਦਾਅਵਾ ਕਰਨ ਵਾਲੇ ਵੱਡੇ ਲੋਕਤੰਤਰ ਅਖਵਾਉਣ ਵਾਲੇ ਭਾਰਤ ਅੰਦਰ ਹੀ ਬਾਕੀ ਘੱਟ ਗਿਣਤੀਆਂ ਸਮੇਤ ਸਿੱਖਾਂ ਨਾਲ ਸਰਕਾਰ ਵਲੋਂ ਸ਼ਰੇਆਮ ਜੁਲਮ ਧੱਕੇਸ਼ਾਹੀ ਕਰਦੇ ਹੋਏ ਵਿਤਕਰੇ ਹੋ ਰਹੇ ਹਨ। ਉਹਨਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਂ ਕਾਮਾਗਾਟਾਮਾਰੂ ਜਹਾਜ ਵਾਲੀ ਘਟਨਾ ਬਾਰੇ ਸਮੁੱਚੇ ਪੰਜਾਬੀਆਂ ਕੋਲੋਂ ਪਾਰਲੀਮੈਂਟ ਵਿੱਚ ਮਾਫੀ ਵੀ ਮੰਗ ਰਹੇ ਹਨ, ਪਰ ਇਧਰ ਭਾਰਤ ਸਰਕਾਰ ਨੇ ਅਜੇ ਤੱਕ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 37 ਗੁਰਧਾਮਾਂ ਤੇ ਕੀਤੇ ਹਮਲੇ ਦੀ ਪਾਰਲੀਮੈਂਟ ਵਿੱਚ ਮਾਫੀ ਨਹੀਂ ਮੰਗੀ ਸਗੋਂ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਸਿੱਖ ਪਾਰਲੀਮੈਂਟ ਵਿੱਚ ਜਾ ਕੇ ਤਿੰਨ ਫੁੱਟੀ ਕਿਰਪਾਨ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮਾਣ-ਸਨਮਾਨ ਵੀ ਕਰਦੇ ਹਨ ਪਰ ਇਧਰ ਭਾਰਤ ਵਿੱਚ ਪਾਰਲੀਮੈਂਟ ਵਿਖੇ ਅਪਣਾ ਧਾਰਮਿਕ ਚਿੰਨ ਕਿਰਪਾਨ ਲਿਜਾਣ ਦੀ ਪਾਬੰਦੀ ਲਾ ਕੇ ਸਿੱਖਾਂ ਨੂੰ ਚਿੜਾਇਆ ਜਾਂਦਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media