
ਅੰਮ੍ਰਿਤਸਰ, 16 ਅਪ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ‘ਜੋਤਿ ਪ੍ਰਗਾਸ’ (ਜੀਵਨ ਦਰਸ਼ਨ) ਪੁਸਤਕ ਲੋਕ ਅਰਪਣ ਕੀਤੀ।ਇਹ ਪੁਸਤਕ ਡਾ. ਰੂਪ ਸਿੰਘ ਵੱਲੋਂ ਸੰਪਾਦਕ ਕੀਤੀ ਗਈ ਹੈ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਸੁਹਿਰਦ ਸਕਾਲਰਾਂ ਨੇ ‘ਗੁਰਮਤਿ ਪ੍ਰਕਾਸ਼’ ਦੇ ਬਹੁਮੁੱਲੇ ਇਤਿਹਾਸਕ ਲੇਖਾਂ ਨੂੰ ਨਵੇਂ ਸਿਰਿਓ ਸੰਪਾਦਨ ਕਰਕੇ ਇਹ ਚੌਥੀ ਪੁਸਤਕ ‘ਜੋਤਿ ਪ੍ਰਗਾਸ’ (ਜੀਵਨ ਦਰਸ਼ਨ) ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਤਿਆਰ ਕੀਤੀ ਹੈ।ਉਨ੍ਹਾਂ ਕਿਹਾ ਕਿ ਹਥਲੀ ਪੁਸਤਕ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਸਬੰਧਿਤ ‘ਗੁਰਮਤਿ ਪ੍ਰਕਾਸ਼’ ਦੇ ਚੋਣਵੇਂ ਲੇਖਾਂ ਤੇ ਆਧਾਰਤ ਪੁਸਤਕ ਲੜੀ ਦਾ ਹੀ ਹਿੱਸਾ ਹੈ।ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਇਸ ਲੜੀ ਦੀ ਪਹਿਲੀ ਪੁਸਤਕ ‘ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ’ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਐਵਾਰਡ ਮਿਲ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕਾਂ ਤੋਂ ਇਲਾਵਾ ‘ਸਿੱਖ ਸੰਗਰਾਮ ਦੀ ਦਾਸਤਾਨ’ ਤੇ ‘ਵਡਾ ਪੁਰਖੁ ਪਰਗਟਿਆ’ ਪਾਠਕਾਂ ਦੇ ਸਨਮੁਖ ਭੇਟ ਕਰ ਚੁੱਕੇ ਹਾਂ।ਉਨ੍ਹਾਂ ਕਿਹਾ ਕਿ ਆਸ ਕਰਦਾ ਹਾਂ ਕਿ ਹਥਲੀ ਪੁਸਤਕ ਵੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਅਕਾਦਮਿਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।ਉਨ੍ਹਾਂ ਕਿਹਾ ਕਿ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਸਮੂਹ ਰੀਸਰਚ ਸਕਾਲਰਜ਼ ਦੇ ਸਿਰ ‘ਤੇ ਆਪ ਹੱਥ ਧਰ ਕੇ ਸਿੱਖ ਇਤਿਹਾਸ ਅਤੇ ਸਿਧਾਂਤਕ ਖੋਜ ਦੇ ਕਾਰਜ ਨੇਪਰੇ ਚੜ੍ਹਵਾਉਣ ਤਾਂ ਜੋ ਇਹ ਕਾਰਜ ਸਾਰੀ ਕੌਮ ਨੂੰ ਗੁਰਮਤਿ ਗਾਡੀ ਰਾਹ ਵੱਲ ਪ੍ਰੇਰਿਤ ਕਰ ਸਕੇ।ਉਨ੍ਹਾਂ ਕਿਹਾ ਕਿ ਉਮੀਦ ਕਰਦਾ ਹਾਂ ਕਿ 640 ਪੰਨਿਆਂ ਦੀ ਇਸ ਪੁਸਤਕ ਤੋਂ ਗਿਆਨ ਹਾਸਲ ਕਰਕੇ ਸੁਹਿਰਦ ਪਾਠਕ ਭਰਪੂਰ ਜਾਣਕਾਰੀ ਹਾਸਲ ਕਰਨਗੇ।ਉਨ੍ਹਾਂ ਇਸ ਸਮੇਂ ਹਥਲੀ ਪੁਸਤਕ ਦੇ ਮੁੱਖ ਸੰਪਾਦਕ ਡਾ. ਰੂਪ ਸਿੰਘ ਸਕੱਤਰ ਤੇ ਸੰਪਾਦਕ ਪ੍ਰੋ. ਮਨਜੀਤ ਕੌਰ, ਸ. ਸਤਵਿੰਦਰ ਸਿੰਘ ਫੂਲਪੁਰ, ਡਾ. ਅਮਰਜੀਤ ਕੌਰ, ਡਾ. ਰਣਜੀਤ ਕੌਰ ਪੰਨਵਾਂ ਤੇ ਬੀਬੀ ਕਿਰਨਦੀਪ ਕੌਰ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਭਾਈ ਮਨਜੀਤ ਸਿੰਘ ਤੇ ਭਾਈ ਰਾਮ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ ਤੇ ਸ. ਸੁਖਦੇਵ ਸਿੰਘ ਭਂੂਰਾਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸਿਮਰਜੀਤ ਸਿੰਘ ਮੀਤ ਸਕੱਤਰ ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਲਖਬੀਰ ਸਿੰਘ ਡੋਗਰ ਮੀਤ ਮੈਨੇਜਰ ਆਦਿ ਹਾਜ਼ਰ ਸਨ।
Punjab Post Daily Online Newspaper & Print Media