
ਨਵੀਂ ਦਿੱਲੀ, 19 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜ਼ਵੀਜ ਇਰਾਨ ਯਾਤਰਾ ਤੋਂ ਪਹਿਲੇ ਪ੍ਰਧਾਨ ਮੰਤਰੀ ਨੂੰ ਵਿਸਤ੍ਰਿਤ ਪੱਤਰ ਭੇਜਿਆ ਹੈ। ਜਿਸ ਵਿਚ ਜੀ.ਕੇ. ਨੇ ਇਰਾਨ ਵਿਚ ਵੱਸਦੇ ਸਿੱਖਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਉਣ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਪ੍ਰਾਪਤ ਇਰਾਨ ਦੀ ਧਰਤੀ ਤੇ ਗੁਰੂ ਸਾਹਿਬ ਨਾਲ ਸੰਬੰਧਿਤ ਸਥਾਨਾਂ ਦੀ ਭਾਲ ਕਰਨ ਵਾਸਤੇ ਲੋੜੀਂਦੀ ਕੂਟਨੀਤਿਕ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ।
ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਭਾਰਤ ਸਰਕਾਰ ਅਤੇ ਦਿੱਲੀ ਕਮੇਟੀ ਦੀ ਸਾਂਝੀ ਜਾਂਚ ਟੀਮ ਗੁਰੂਧਾਮਾਂ ਦੀ ਨਿਸ਼ਾਨਦੇਹੀ ਤੇ ਭਾਲ ਕਰਨ ਵਾਸਤੇ ਬਣਾਉਣ ਦਾ ਸੁਝਾਵ ਦਿੰਦੇ ਹੋਏ ਇਰਾਨ ਨੂੰ ਸਿੱਖ ਗੁਰੂਧਾਮਾਂ ਦੇ ਨਕਸ਼ੇ ਵਿਚ ਲਿਆ ਕੇ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣਾਉਣ ਤੇ ਵੀ ਜੋਰ ਦਿੱਤਾ ਹੈ। ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਹੈ ਕਿ ਸਿੱਖਾਂ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਜਬੂਤ ਸਭਿਆਚਾਰਕ ਅਤੇ ਭਾਵਨਾਤਮਕ ਜੁੜਾਵ ਹੈ ਜਿਸ ਕਰਕੇ ਗੁਰੂ ਸਾਹਿਬ ਵੱਲੋਂ ਆਪਣੀ ਉਦਾਸੀ ਦੌਰਾਨ ਇਰਾਨ ਹੁੰਦੇ ਹੋਏ ਪਵਿੱਤਰ ਮੱਕਾ ਸ਼ਹਿਰ ਦੀ ਕੀਤੀ ਗਈ ਯਾਤਰਾ ਦੇ ਨਾਲ ਜੁੜੀਆਂ ਗੱਲਾਂ ਨੂੰ ਸੰਸਾਰਭਰ ਦੇ ਲੋਕਾਂ ਤਕ ਪਹੁੰਚਾਉਣਾ ਜਰੂਰੀ ਹੈ।
ਜੀ.ਕੇ. ਨੇ ਦੱਸਿਆ ਕਿ ਗੁਰੂ ਸਾਹਿਬ ਨੇ ਸਊਦੀ ਅਰਬ ਦੇ ਮੱਕਾ ਦੇ ਵਿਚ ਪੀਰਾਂ ਅਤੇ ਪੈਗੰਬਰਾਂ ਦੇ ਨਾਲ ਬੜੇ ਨੇੜੇ ਰਹਿ ਕੇ ਗੁਰਮਤਿ ਦੀ ਸਾਂਝ ਕੀਤੀ ਸੀ ਇਸ ਕਰਕੇ ਗੁਰਮਤਿ ਦੀ ਉਸ ਖ਼ੁਸ਼ਬੂ ਨੂੰ ਸੰਸਾਰਿਕ ਵੇਹੜੇ ਵਿਚ ਫੈਲਾਉਣਾ ਭਾਰਤੀ ਸਭਿਆਚਾਰ ਲਈ ਅਤਿ ਲਾਜ਼ਮੀ ਹੈ। ਜੀ.ਕੇ. ਨੇ ਇਰਾਨ ਵਿਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵਪਾਰ, ਸਿੱਖਿਆ ਅਤੇ ਜਾਇਦਾਦਾਂ ਬਾਰੇ ਇਰਾਨੀ ਕਾਨੂੰਨ ਅਨੁਸਾਰ ਆ ਰਹੀਆਂ ਮੁਸ਼ਕਲਾਂ ਵੱਲ ਵੀ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਇਆ ਹੈ। ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਆਪਣੀ ਯਾਤਰਾ ਦੌਰਾਨ ਇਰਾਨ ਦੇ ਗੁਰਦੁਆਰਾ ਸਾਹਿਬਾਨ ਵਿਚ ਜਾਣ ਦਾ ਸੱਦਾ ਵੀ ਦਿੱਤਾ ਹੈ ਤਾਂ ਕਿ ਇਰਾਨੀਆਂ ਨੂੰ ਭਾਰਤੀ ਸਭਿਆਚਾਰ ਅਤੇ ਭਾਰਤੀ ਲੋਕਾਂ ਬਾਰੇ ਪਤਾ ਚਲ ਸਕੇ।
Punjab Post Daily Online Newspaper & Print Media