ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਮੁੱਖ ਦਫਤਰ ਵਿਚ ਹੋਈ ਮੀਟਿੰਗ ਦੌਰਾਨ ਡਾ: ਗੁਰਬਿਲਾਸ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਗਈ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਡਾ: ਗੁਰਬਿਲਾਸ ਸਿੰਘ (ਅੇੈਮ.ਆਰ.ਸੀ.ਪੀ) ਇਕ ਬਹੁਤ ਹੀ ਕਾਬਿਲ ਡਾਕਟਰ ਹਨ, ਜੋ ਕਿ ਐਸਕਾਰਟ ਹਸਪਤਾਲ, ਅਮ੍ਰਿਤਸਰ ਵਿਖੇ ਗੈਸਟਰੋਐਨਟਰੋਲਿਜੀ ਅਤੇ ਹੈਮੇਟਾਲਿਜੀ ਸਪੈਸ਼ਲਿਸਟ ਦੇ ਰੂਪ ਵਿਚ ਕੰਮ ਕਰ ਰਹੇ ਹਨ।ਇਸ ਦੇ ਨਾਲ ਹੀ ਉਹ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਅਮਰਦਾਸ ਬਿਰਧ ਘਰ ਦੇ ਮੈਂਬਰ ਇੰਚਾਰਜ, ਚੀਫ ਖਾਲਸਾ ਦੀਵਾਨ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਮੈਂਬਰ ਸਾਹਿਬਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ।ਇਸ ਦੇ ਨਾਲ ਹੀ ਉਹ ਗੁਰੁ ਤੇਗ ਬਹਾਦੁਰ ਪਬਲਿਕ ਸਕੂਲ ਅਤੇ ਕਾਲਜ, ਖਾਨਕੋਟ ਦੇ ਚੇਅਰਮੈਨ ਵੀ ਹਨ। ਬਿਰਧ ਘਰ ਵਿਚ ਬਿਰਧਾਂ ਦੇ ਰੁਟੀਨ ਚੈਕਅਪ ਅਤੇ ਉਹਨਾਂ ਦੀ ਸਿਹਤ ਦਾ ਧਿਆਨ ਇਹਨਾਂ ਦੀ ਦੇਖ ਰੇਖ ਵਿਚ ਹੀ ਰੱਖਿਆ ਜਾ ਰਿਹਾ ਹੈ। ਗੁਰੁ ਘਰ ਨਾਲ ਜੁੜੇ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਡਾ: ਗੁਰਬਿਲਾਸ ਸਿੰਘ ‘ਤੇ ਅਜਿਹਾ ਹਮਲਾ ਨਿੰਦਣਯੋਗ ਹੈ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਆਏ ਦਿਨ ਸ਼ਹਿਰ ਵਿਚ ਅਪਰਾਧੀ ਅਨਸਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਜਿਆਦਾਤਰ ਇਹ ਵਾਰਦਾਤਾਂ ਪਾਸ਼ ਖੇਤਰਾਂ ਵਿਚ ਹੀ ਹੁੰਦੀਆਂ ਹਨ।ਅਪਰਾਧੀ ਦਿਨ ਦਿਹਾੜੇ ਕਤਲ ਕਰਕੇ ਫਰਾਰ ਹੋਣ ਵਿਚ ਕਾਮਯਾਬ ਹੋ ਜਾਂਦੇ ਹਨ।ਇਸ ਮਾਹੋਲ ਵਿਚ ਆਮ ਲੋਕ ਵੀ ਸ਼ਹਿਰ ਵਿਚ ਨਿਕਲਦੇ ਸੁਰਖਿਅਤ ਮਹਿਸੂਸ ਨਹੀਂ ਕਰਦੇ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਅਜਿਹੀ ਗੁੰਡਾਗਰਦੀ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਨਕੇਲ ਪਾਉਣ ਲਈ ਤੇ ਸ਼ਹਿਰ ਦੀ ਕਾਨੂੰਨ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।ਚੌਕਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਅਤੇ ਪੁਲਿਸ ਦੀ ਤਾਇਨਾਤੀ ਦੇ ਨਾਲ ਨਾਲ ਸ਼ਹਿਰ ਵਿਚ ਪੁਲਿਸ ਵੈਨਾਂ ਦੀ ਗਸ਼ਤ ਹੋਰ ਤੇਜ ਕਰ ਦੇਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਸੁੱਰਖਿਆ ਯਕੀਨੀ ਬਣਾਈ ਜਾ ਸਕੇ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ, ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ ਡਾ: ਜਸਵਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ, ਚਰਨਜੀਤ ਸਿੰਘ ਕੋਠੀ ਵਾਲੇ, ਪ੍ਰਿਤਪਾਲ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ, ਅਜੀਤ ਸਿੰਘ, ਡਾ: ਧਰਮਵੀਰ ਸਿੰਘ ਤੇ ਹੋਰ ਮੈਂਬਰ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media