
ਫਾਜ਼ਿਲਕਾ, 17 ਜੂਨ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਸੰਭਾਵੀਂ ਹੜ੍ਹਾਂ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਸਰਹੱਦੀ ਪਿੰਡਾਂ ਮੁਹਾਰ ਜਮਸੇਰ, ਮੌਜਮ ਅਤੇ ਕਾਵਾਂਵਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਤਲੁਜ ਦਰਿਆ ਦੇ ਮੌਜਮ ਬੰਨ੍ਹ ਅਤੇ ਕਾਵਾਂਵਾਲੀ ਪੱਤਣ ਦਾ ਦੌਰਾ ਕਰਕੇ ਸੰਭਾਵੀਂ ਹੜ੍ਹਾਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਉਹ ਸਤਲੁਜ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਸਬੰਧੀ ਵਿਸ਼ੇਸ਼ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਬੰਨ੍ਹ ਨੂੰ ਖੁਰਣ ਤੋਂ ਬਚਾਉਣ ਲਈ ਬੰਨ੍ਹ ਦੀਆਂ ਸਪਰਸ਼ਾਂ ਆਦਿ ਤੇ ਮਿੱਟੀ ਪਾ ਕੇ ਯਕੀਨੀ ਬਣਾਇਆ ਜਾਵੇ ਕਿ ਪਾਣੀ ਦੇ ਤੇਜ ਵਹਾਅ ਨਾਲ ਮਿੱਟੀ ਦਾ ਕਟਾਅ ਨਹੀਂ ਹੋਵੇਗਾ। ਇਸ ਮੌਕੇ ਐਕਸੀਅਨ ਸ਼੍ਰੀ ਪਵਨ ਕਪੂਰ ਨੇ ਦੱਸਿਆ ਕਿ ਬੰਨ੍ਹਾਂ ਦੀ ਮਜ਼ਬੂਤੀ ਲਈ ਵਿਭਾਗ ਵੱਲੋਂ ਸਤਲੁਜ ਦਰਿਆ ਦੇ ਕਿਨਰਿਆਂ ਦੀ ਮਜ਼ਬੂਤੀ ਲਈ ਮਿੱਟੀ ਪਾ ਕੇ ਬੰਨ੍ਹ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਲੋਕਾਂ ਤੋਂ ਪਿੰਡਾਂ ਵਿਚ ਮਿਲ ਰਹੀਆਂ ਸਿਹਤ ਸੇਵਾਵਾਂ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਅਤੇ ਪੈਨਸ਼ਨਾਂ ਆਦਿ ਦੀ ਵੰਡ ਸਬੰਧੀ ਵੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ.ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਕਸੀਅਨ ਸ਼੍ਰੀ ਪਵਨ ਕਪੂਰ, ਤਹਿਸੀਲਦਾਰ ਫਾਜ਼ਿਲਕਾ ਸ਼੍ਰੀ ਜੈਯਤ ਕੁਮਾਰ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਆਦਿ ਵੀ ਹਾਜਰ ਸਨ।
Punjab Post Daily Online Newspaper & Print Media