
ਅਲਗੋਂ ਕੋਠੀ (ਖੇਮਕਰਨ), 20 ਜੁਲਾਈ (ਹਰਦਿਆਲ ਸਿੰਘ ਭੈਣੀ) – 1965 ਅਤੇ 1971 ਦੇ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਖੇਮਕਰਨ ਸੈਕਟਰ ਵਿੱਚ ਸੈਨਾ ਦੀਆਂ ਵੱਖ ਵੱਖ ਬਟਾਲੀਅਨਾਂ ਨੇ ਆਪਣੇ ਆਪਣੇ ਸ਼ਹੀਦਾਂ ਦੇ ਕਈ ਸਮਾਰਕ ਬਣਾਏ ਹੋਏ ਸਨ, ਪਰੰਤੂ ਇਹ ਸਮਾਰਕ ਵੱਖ-ਵੱਖ ਥਾਵਾਂ ‘ਤੇ ਹੋਣ ਕਾਰਨ ਨਾ ਤਾਂ ਇਹਨਾਂ ਦੀ ਸਹੀ ਸਾਂਭ-ਸੰਭਾਲ ਹੁੰਦੀ ਸੀ ਅਤੇ ਨਾ ਹੀ ਇਹਨਾਂ ਨੂੰ ਉਚਿਤ ਸਰਧਾਂਜਲੀ ਦਿੱਤੀ ਜਾਂਦੀ ਸੀ। ਇਸ ਲਈ ਸ਼ਹੀਦਾਂ ਨੂੰ ਉਚਿਤ ਸੈਨਿਕ ਸਨਮਾਨ ਦੇਣ ਲਈ ਇਸ ਇਲਾਕੇ ਦੇ ਸਾਰੇ ਸਮਾਰਕਾਂ ਨੂੰ ਇਕੱਠਾ ਕਰਕੇ ਇਕ ਸੰਯੁਕਤ ਰੂਪ ਵਿੱਚ ਇਕ ਵਿਸ਼ਾਲ ਅਤੇ ਸੁੰਦਰ ‘ਸ਼ਹੀਦ ਸਮਾਰਕ’ ਬਣਾਇਆ ਗਿਆ ਹੈ।ਇਸ ‘ਸ਼ਹੀਦ ਸਮਾਰਕ’ ਵਿੱਚ ਕੁੱਲ ਅੱਠ ਸਮਰਿਤੀ ਸ਼ਤੰਭ ਬਣਾਏ ਗਏ ਹਨ, ਜੋ ਕਿ ਇਸ ਇਲਾਕੇ ਵਿੱਚ ਲੜੀਆਂ ਗਈਆਂ 1965 ਤੇ 1971 ਦੀਆਂ ਜੰਗਾਂ ਵਿੱਚ ਭਾਰਤੀ ਸੈਨਾ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਹਨ।
ਅਬਦੁਲ ਹਮੀਦ ਸਮਾਰਕ ਸਮਾਧੀ ਸ਼ਥਾਨ ਵਿੱਚ ਇਸ ਨਵੇ ਬਣਾਏ ‘ਸ਼ਹੀਦ ਸਮਾਰਕ’ ਨੂੰ ਲੈ ਕੇ ਲੈਫ. ਜਨਰਲ ਕੇ.ਜੇ ਸਿੰਘ ਜਨਰਲ ਆਫਿਸਰ ਕਮਾਡਿੰਗ-ਇਨ ਚੀਫ ਪੱਛਮੀ ਕਮਾਨ ਨੇ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਪੂਰੇ ਸੈਨਿਕ ਸਨਮਾਨ ਨਾਲ ਸ਼ਹੀਦਾ ਨੂੰ ਗਾਰਡ-ਆਫ ਆਨਰ ਪ੍ਰਦਾਨ ਕੀਤਾ ਗਿਆ।ਮੁੱਖ ਮਹਿਮਾਨ ਲੈ. ਜਨਰਲ ਕੇ. ਜੇ ਸਿੰਘ ਨੇ ਸ਼ਰਧਾਂਜਲੀ ਉਪਰੰਤ ਸਮਾਰੋਹ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕੀਤਾ, ਜਿੰਨ੍ਹਾਂ ਨੇ ਇਸ ਖੇਤਰ ਵਿੱਚ ਭਾਰਤ ਮਾਤਾ ਦੀ ਆਨ, ਬਾਨ ਤੇ ਸ਼ਾਨ ਨੂੰ ਬਰਕਾਰ ਰੱਖਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ।ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਫੌਜ ਨੂੰ ਅਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੁਸ਼ਮਣ ਤਾਕਤਾਂ ਨੂੰ ਸਾਡੇ ਜਵਾਨ ਸਿਰ ਨਹੀਂ ਚੁਕਣ ਦੇਣਗੇ ।ਇਸ ਸਮਾਰੋਹ ਵਿੱਚ ਲੈ ਜਨਰਲ ਜੇ.ਐਸ ਚੀਮਾ ਜਨਰਲ ਆਫਿਸਰ ਕਮਾਡਿੰਗ ਵਜਰਾ ਕੋਰ, ਮੇਜਰ ਜਨਰਲ ਵਿਜੈ ਪਿੰਗਲੇ ਜਨਰਲ ਆਫਿਸਰ ਕਮਾਡਿੰਗ ਗੋਲਡਨ ੲੈਰੋ ਡਿਵੀਜਨ, ਬ੍ਰਿਗੇਡਿਅਰ ਐਨ.ਆਰ ਬਾਬੂ, ਕਮਾਂਡਰ ਗੁਰਕੀ ਬ੍ਰਿਗੇਡ, ਕਈ ਯੁੱਧ ਤਜੱਰਬੇਕਾਰ, ਸੇਵਾ ਮੁਕਤ ਸੈਨਿਕ ਅਤੇ ਸਿਵਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਹਾਜਿਰ ਸਨ।
ਜਿਕਰਯੋਗ ਹੈ ਕਿ ਪੱਛਮੀ ਕਮਾਨ ਦੀ ਵੱਜਰਾ ਕੋਰ ਦੇ ਮਾਰਗ ਦਰਸ਼ਨ ‘ਤੇ ਗੋਲਡਨ ੲੈਰੋ ਡਿਵੀਜਨ ਵਲੋਂ ਇਸ ‘ਸ਼ਹੀਦ ਸਮਾਰਕ’ ਦੀ ਯੋਜਨਾ ਬਣਾਈ ਗਈ ਸੀ, ਜਦਕਿ ਇਸ ਨੂੰ ਗੁਰਕੀ ਬ੍ਰਿਗੇਡ ਦੀ ਦੇਖ ਰੇਖ ਹੇਠ ਬਣਾਇਆ ਗਿਆ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media