Saturday, April 11, 2026

ਝੋਨੇ ਤੇ ਬਾਸਮਤੀ ਦੀ ਫਸਲ ਦੇ ਵਾਧੇ ਲਈ ਰਸਾਇਨਿਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਕੀਤੀ ਜਾਵੇ ਸੰਤੁਲਿਤ ਵਰਤੋਂ

PPN2707201620ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਦੇ ਵਾਧੇ ਅਤੇ ਪ੍ਰਤੀ ਏਕੜ ਵਧੇਰੇ ਪੈਦਾਵਾਰ ਲੈਣ ਲਈ ਵੱਡੇ ਖੁਰਾਕੀ ਤੱਤਾਂ (ਨਾਈਟ੍ਰੋਜਨ,ਫਾਸਫੋਰਸ,ਪੋਟਾਸ਼ੀਅਮ) ਦੇ ਨਾਲ ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਨਿਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ।ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਠਾਨਕੋਟ ਦੇ ਪਿੰਡ ਜੰਗਲ ਵਿੱਚ ਸਥਿਤ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀਨਾਨਗਰ ਮਾਸਟਰ ਗਿਆਨ ਸਿੰਘ ਦੇ ਦਿਉਲ ਖੇਤੀ ਫਾਰਮ ਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਲਗਾਏ ਫਾਰਮ ਦੇ ਦੂਜੇ ਸੈਸ਼ਨ ਮੌਕੇ ਇਕੱਤਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆਂ ਕਹੇ। ਡਾ ਅਮਿਤ ਕੁਮਾਰ ਬੀ ਟੀ ਐਮ ਅਤੇ ਡਾ. ਮਿਸ ਮਨਜੀਤ ਕੌਰ ਦੇ ਪ੍ਰਬੰਧਾ ਹੇਠ ਲਗਾਏ ਫਾਰਮ ਸਕੂਲ ਮੌਕੇ ਡਾ ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਡਾ ਅਮਿਤ ਕੁਮਾਰ ਜ਼ਿਲਾ ਪਸਾਰ ਮਾਹਿਰ ਕੇ ਵੀ ਕੇ, ਬਲਵਿੰਦਰ ਕੁਮਾਰ, ਮਨਦੀਪ ਸਿੰਘ, ਸੁਰੇਣ ਸਿੰਘ, ਪਰਗਟ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਫਾਰਮ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੇ ਪੱਕਣ ਤੱਕ ਕੁੱਲ ਛੇ ਤਕਨੀਕੀ ਸ਼ੈਸ਼ਨ ਲਗਾਏ ਜਾਣਗੇ, ਜਿਸ ਵਿੱਚ ਮੌਸਮ/ਸਮੇਂ ਅਨੁਸਾਰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਮਕਸਦ ਲਈ ਕੁੱਲ 28 ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਦੇ ਫਾਲਤੂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਸ਼ੁੱਧ ਆਮਦਨ ਵਧਾਈ ਜਾ ਸਕੇ। ਉਨਾਂ ਦੱਸਿਆ ਕਿ ਝੋਨੇ ਅਤੇ ਬਾਸਮਤੀ ਵਿੱਚ ਕੀੜਿਆ ਦੀ ਰੋਕਥਾਮ ਲਈ ਵਰਤੀਆਂ ਜਾਂਦੀਆ ਕੀਟਨਾਸ਼ਕਾਂ ਦੀ ਨਿਰਭਰਤਾ ਘਟਾਉਣ ਲਈ ਸਰਬਪੱਖੀ ਕੀਟ ਪ੍ਰਬੰਧ ਵਿਧੀ ਨੂੰ ਅਪਨਾਇਆ ਜਾਵੇਗਾ। ਡਾ ਸੰਦੀਪ ਸਿੰਘ ਨੇ ਕਿਹਾ ਕਿ ਝੋਨੇ ਦੀ ਫਸਲ ਉੱਪਰ ਤਕਰੀਬਨ ਦਰਜਨ ਤੋਂ ਵੱਧ ਕੀੜੇ ਹਮਲਾ ਕਰਕੇ ਔਸਤਣ 28% ਫੀਸਦੀ ਨੁਕਸਾਨ ਕਰ ਦਿੰਦੇ ਹਨ ਅਤੇ ਇਨਾਂ ਵਿੱਚੋਂ ਮੁੱਖ ਤੌਰ ਤੇ ਤਣੇ ਦਾ ਗੜੂੰਆਂ, ਪੱਤਾ ਲਪੇਟ ਸੁੰਡੀ, ਕੰਡਿਆਲੀ ਕਾਲੀ ਭੂੰਡੀ, ਟਿੱਡੇ ਅਤੇ ਚੂਹੇ ਕੁਝ ਅਜਿਹੇ ਕੀੜੇ ਹਨ, ਜਿੰਨਾ ਦੀ ਸਮੇਂ ਸਿਰ ਰੋਕਥਾਮ ਕਰਕੇ ਹੋਣ ਵਾਲੇ ਨੁਕਸਾਨ ਨੂੰ ਘਟਾ ਕੇ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ ਆਪਣੀਆਂ ਸਮੱਸਿਆਂਵਾਂ ਦੇ ਹੱਲ ਲਈ ਦੁਕਾਨਦਾਰਾਂ ਤੇ ਨਿਰਭਰ ਕਰਦੇ ਹਨ , ਜਿਸ ਨਾਲ ਕਈ ਵਾਰੀ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ। ਡਾ ਅਮਿਤ ਕੁਮਾਰ ਨੇ ਕਿਹਾ ਕਿ ਦੁਕਾਨਦਾਰ ਆਮ ਕਰਕੇ ਕਿਸਾਨਾਂ ਨੂੰ ਸਿਫਾਰਸ਼ਾਂ ਦੇ ਉਲਟ ਘੱਟੋ ਘੱਟ ਦੋ ਕੀਟ ਨਾਸ਼ਕ ਦਵਾਈਆਂ ਦੇ ਦਿੰਦੇ ਹਨ ਅਤੇ ਕਈ ਵਾਰ ਦਵਾਈ ਦੀ ਸਿਫਾਰਸ਼ਾਂ ਦੇ ਉਲਟ ਮਾਤਰਾ ਵੀ ਵਧਾ ਕੇ ਦਿੰਦੇ ਹਨ ਤਾਂ ਜੋ ਉਨਾਂ ਦੀ ਵਿਕਰੀ ਵੱਧ ਹੋਣ ਕਾਰਨ ਫਾਇਦਾ ਜ਼ਿਆਦਾ ਹੋ ਸਕੇ, ਪਰ ਇਸ ਨਾਲ ਜਿਥੇ ਕਿਸਾਨ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਥੇ ਫਸਲ ਉੱਪਰ ਕੀੜਿਆਂ ਦੀ ਰੋਕਥਾਮ ਵੀ ਨਹੀਂ ਹੁੰਦੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਨਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਅਖੀਰ ਵਿੱਚ ਮਾਸਟਰ ਗਿਆਨ ਸਿੰਘ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਅਨੁਸਾਰ ਵਿਗਿਆਨਕ ਖੇਤੀ ਕੀਤੀ ਜਾਵੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply