ਸਰਕਾਰੀ ਵਿਸ਼ਰਾਮ ਘਰ ਗੁੱਝਰਾਂ ਦੇ ਹਵਾਲੇ, ਚੰਦ ਕਦਮਾਂ ‘ਤੇ ਫੋਜੀ ਛਾਉਣੀ
ਜੰਡਿਆਲਾ ਗੁਰੂ 5 ਅਗਸਤ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੇ ਸਰਕਾਰੀ ਅਦਾਰਿਆਂ ਦਾ ਤਾਂ ਆਮ ਸੁਣਨ ਨੂੰ ਮਿਲਦਾ ਹੈ ਕਿ ਉਸ ਦਾ ਬਹੁਤ ਬੁਰਾ ਹਾਲ ਹੈ ਚਾਹੇ ਉਹ ਹਸਪਤਾਲ, ਸਕੂਲ, ਕਾਲਜ, ਜਾਂ ਹੋਰ ਕੋਈ ਸੰਸਥਾ ਹੋਵੇ।ਸਰਕਾਰੀ ਅਫਸਰਾਂ ਦੀ ਰੋਜਾਨਾ ਹੁੰਦੀ ਕਾਫੀ ਭੱਜ ਨੱਠ ਤੋਂ ਬਾਅਦ ਉਹਨਾਂ ਦੇ ਆਰਾਮ ਕਰਨ ਲਈ ਥਾਂ ਥਾਂ ਤੇ ਵਿਸ਼ਰਾਮ ਘਰ ਬਣਾਏ ਗਏ ਹਨ।ਕਿਸੇ ਸਮੇਂ ਅਚਾਨਕ ਕਿਸੇ ਉੱਚ ਸਰਕਾਰੀ ਅਧਿਕਾਰੀ, ਮੰਤਰੀ ਆਦਿ ਦੀ ਗੱਡੀ ਵਗੈਰਾ ਸੜਕ ਤੇ ਖਰਾਬ ਹੋ ਜਾਵੇ ਤਾਂ ਉਸ ਨੂੰ ਤੁਰੰਤ ਨਜਦੀਕ ਸਰਕਾਰੀ ਵਿਸ਼ਰਾਮ ਘਰ ਭੇਜ ਦਿੱਤਾ ਜਾਂਦਾ ਹੈ। ਜੰਡਿਆਲਾ ਗੁਰੁ ਗਹਿਰੀ ਮੋੜ ‘ਤੇ ਸਥਿਤ ਸਰਕਾਰੀ ਵਿਸ਼ਰਾਮ ਘਰ ਦਾ ਹਾਲ ਦੇਖ ਕੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿਸੇ ਡਰਾਉਣੀ ਫਿਲਮ ਦੀ ਸ਼ੂਟਿੰਗ ਦਾ ਸੈੱਟ ਲੱਗਿਆ ਹੋਵੇ। ਸਭ ਤੋਂ ਪਹਿਲਾਂ ਤਾਂ ਗੇਟ ਤੇ ਹੀ ਗੰਦਗੀ ਦੇ ਕੂੜੇਦਾਨ ਨਾਲ ਆਉਣ ਵਾਲੇ ਸਰਕਾਰੀ ਅਧਿਕਾਰੀ ਦਾ ਸਵਾਗਤ ਹੋਵੇਗਾ, ਫਿਰ ਅੱਗੇ ਉਸ ਲਈ ਤਾਜਾ ਮੀਟ ਬਣਾਉਣ ਵਾਲੀ ਰੇਹੜੀ ਮਿਲੇਗੀ, ਅਗਰ ਅਫਸਰ ਗਰਮੀ ਵਿੱਚ ਜਿਆਦਾ ਪਸੀਨੋ ਪਸੀਨੀ ਹੋਇਆ ਹੈ ਤਾਂ ਖੱਬੇ ਹੱਥ ਉਸ ਦੇ ਨਹਾਉਣ ਲਈ ਪਾਣੀ ਦਾ ਤੈਲਾਬ ਵੀ ਤਿਆਰ ਮਿਲੇਗਾ। ਨਹਾਉਣ ਧੋਣ ਤੋਂ ਬਾਅਦ ਉਸ ਅਧਿਕਾਰੀ ਨੂੰ ਤਾਜਾ ਦੁੱਧ ਪਿਲਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦਰਜਨਾਂ ਮੱਝਾਂ ਸਵਾਗਤ ਕਰਨਗੀਆਂ।ਸਰਕਾਰੀ ਮਹਿਮਾਨਾਂ ਲਈ ਚਾਹ, ਪਾਣੀ, ਰੋਟੀ ਆਦਿ ਬਣਾਉਣ ਲਈ ਵੀ ਕੁਦਰਤੀ ਗੈਸ ਤਿਆਰ ਕਰਨ ਲਈ ਗੋਹੇ ਦਾ ਭੰਡਾਰ ਪਿਆ ਮਿਲੇਗਾ। ਵਿਸ਼ਰਾਮ ਕਰਨ ਲਈ ਸਰਕਾਰੀ ਦਫਤਰ ਦੇ ਅੰਦਰ ਮੱਝਾਂ ਗਾਵਾਂ ਦੇ ਛੋਟੇ ਛੋਟੇ ਬੱਚੇ ਵੀ ਮੋਜੂਦ ਮਿਲਣਗੇ।
ਇਹ ਸਾਰਾ ਨਜਾਰਾ ਪੱਤਰਕਾਰਾਂ ਦੀ ਟੀਮ ਨੇ ਜਦ ਕੈਮਰੇ ਵਿੱਚ ਕੈਦ ਕੀਤਾ ਤਾਂ ਮੋਕੇ ਤੇ ਮੋਜੂਦ ਇਕ ਗੁਜਰ ਨੇ ਦੱਸਿਆ ਕਿ ਇਸ ਸਭ ਦਾ ਬੀ.ਡੀ.ਪੀ.ਓ ਦਫਤਰ ਨੂੰ ਸਾਲਾਨਾ ਕਿਰਾਇਆ ਦਿੱਤਾ ਹੋਇਆ ਹੈ ਜਿਸ ਦੀ ਲਿਖਤੀ ਰਸੀਦ ਵੀ ਹੈ।ਇਸ ਸਬੰਧੀ ਜਦ ਜੰਡਿਆਲਾ ਬਲਾਕ ਅਫਸਰ ਲਖਬੀਰ ਸਿੰਘ ਬੁੱਟਰ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀ ਸਿਰਫ ਨਾਲ ਲੱਗਦੀ ਪੈਲੀ ਕਿਰਾਏ ਤੇ ਦਿੱਤੀ ਹੈ ਨਾ ਕਿ ਸਰਕਾਰੀ ਦਫਤਰ।ਉਹਨਾਂ ਕਿਹਾ ਕਿ ਉਹ ਤੁਰੰਤ ਇਸ ਸਬੰਧੀ ਐਕਸ਼ਨ ਲੈਣਗੇ। ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਇਥੇ ਰਾਤ ਦੇ ਹਨੇਰੇ ਵਿੱਚ ਬਹੁਤ ਗਲਤ ਕੰਮ ਹੁੰਦੇ ਹਨ ਅਤੇ ਨਾਲ ਹੀ ਚੰਦ ਕਦਮਾਂ ਦੇ ਫੋਜੀ ਛਾਉਣੀ ਵੀ ਹੈ, ਜਿਸ ਕਰਕੇ ਸੁਰੱਖਿਆ ਦੇ ਮੱਦੇਨਜਰ ਗੁਜਰਾਂ ਦੇ ਭੇਸ ਵਿੱਚ ਇਥੋਂ ਕੋਈ ਅਣਸੁਖਾਵੀਂ ਘਟਨਾ ਵੀ ਵਾਪਿਰ ਸਕਦੀ ਹੈ ਕਿਉਂਕਿ ਗੁਪਤ ਤਰੀਕੇ ਨਾਲ ਹਥਿਆਰਬੰਦ ਹੋਣ ਲਈ ਦਹਿਸ਼ਤਗਰਦਾਂ ਲਈ ਵੀ ਜਗਾ ਮੌਜੂਦ ਹੈ।ਪੰਜਾਬ ਵਿੱਚ ਦੀਨਾਨਗਰ ਕਾਂਡ ਕਾਰਨ ਸੁਰੱਖਿਆ ਪੱਖੋਂ ਫੋਜੀ ਛਾਉਣੀਆਂ ਉੱਪਰ ਕਰੜੀ ਨਜਰ ਰੱਖੀ ਜਾ ਰਹੀ ਹੈ, ਪਰ ਇਥੇ ਖੁਦ ਪੰਜਾਬ ਸਰਕਾਰ ਦਾ ਅਦਾਰਾ ਹੀ ਸੁਰੱਖਿਆ ਨੂੰ ਨਜਰਅੰਦਾਜ ਕਰ ਰਿਹਾ ਹੈ।
Punjab Post Daily Online Newspaper & Print Media