ਅੰਮ੍ਰਿਤਸਰ, 26 ਅਗਸਤ (ਪੰਜਾ ਪੋਸਟ ਬਿਊਰੋ) – ‘ਜ਼ਿੰਦਗੀ ਚੁਣੋ ਤੰਬਾਕੂ ਨਹੀਂ।’ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਦੀ ਪ੍ਰਧਾਨਗੀ ਹੇਠ ਇਸ ਥੀਮ ਨੂੰ ਸਮਰਪਿਤ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਡਾ. ਚਾਵਲਾ ਨੇ ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨੂੰ ‘ਕੋਟਪਾ’ ਨੂੰ ਲਾਗੂ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀ, ਜਿਨ੍ਹਾਂ ਅਧੀਨ ਜਨਤਕ ਥਾਵਾਂ ਹਨ, ਇਕ ਮਹੀਨੇ ਅੰਦਰ ਸਵੈ ਘੋਸ਼ਣਾ ਪੱਤਰ ਦੇਣਾ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਅਧੀਨ ਸੰਸਥਾ ਵਿਚ ‘ਕੋਟਪਾ’ ਪੂਰੀ ਤਰ੍ਹਾਂ ਲਾਗੂ ਹੈ ਅਤੇ ਇਸ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਨਹੀਂ ਹੋ ਰਹੀ ਅਤੇ ਉਲੰਘਣਾ ਕਰਨ ਵਾਲੇ ਨੂੰ ਧਾਰਾ 4,5,6 ਅਧੀਨ ਜ਼ੁਰਮਾਨਾ, ਚਲਾਨ ਅਤੇ ਸਜ਼ਾਵਾਂ ਦਾ ਵੀ ਉਪਬੰਧ ਹੈ। ਇਸ ਮੌਕੇ ‘ਕੋਟਪਾ’ ਦੇ ਨੋਡਲ ਅਫ਼ਸਰ ਡਾ. ਨਰੇਸ਼ ਚਾਵਲਾ ਅਤੇ ਸਟੇਟ ਕੋਆਰਡੀਨੇਟਰ ਰਮਨ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਜਨਤਕ ਸਥਾਨ ਅਤੇ ਵਿੱਦਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਸੇਵਨ ‘ਤੇ ਕਾਨੂੰਨੀ ਮਨਾਹੀ ਹੈ।ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚਣ ‘ਤੇ ਵੀ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸ਼ਹਿਰ ਵਿਚ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ 6 ਚਲਾਨ ਕੱਟ ਕੇ 1200 ਰੁਪਏ ਦੀ ਰਾਸ਼ੀ ਜ਼ੁਰਮਾਨੇ ਵਜੋਂ ਹਾਸਲ ਕੀਤੀ ਹੈ।ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਫੂਡ ਸੇਫਟੀ ਅਫ਼ਸਰ, ਡਰੱਗ ਇੰਸਪੈਕਟਰ, ਜ਼ਿਲ੍ਹਾ ਅਟਾਰਨੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media