Monday, February 23, 2026

2500 ਰੁਪਏ ਦੀ ਰਿਸ਼ਵਤ ਲੈਂਦਾ ਨਾਇਬ ਕੋਰਟ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ) – ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵੱਲੋਂ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਇਕ ਨਾਇਬ ਕੋਰਟ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਲ ਪੁਲਿਸ, ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਡਾ. ਬਲੀਰਾਮ ਪਾਟਿਲ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਡੀ. ਐਸ. ਪੀ ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਸ੍ਰੀ ਨਵਜੋਤ ਸਿੰਘ ਨੇ ਅੱਜ ਪੁਲਿਸ ਪਾਰਟੀ ਸਮੇਤ ਨਾਇਬ ਕੋਰਟ ਮੁੱਖ ਸਿਪਾਹੀ ਰਜਿੰਦਰ ਕੁਮਾਰ ਅੰਮ੍ਰਿਤਸਰ ਦਿਹਾਤੀ ਨੂੰ ਰਿਪੋਰਟ ਮਾਨਯੋਗ ਅਦਾਲਤ ਵਿਖੇ ਪੇਸ਼ ਕਰਨ ਦੇ ਇਵਜ਼ ਵਿਚ ਸ਼ਿਕਾਇਤ ਕਰਤਾ ਬਲਵੰਤ ਸਿੰਘ ਕੋਲੋਂ 2500 ਰੁਪਏ ਰਿਸ਼ਵਤ ਹਾਸਲ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਬਲਵੰਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਸਹਿਜਾਦਾ, ਥਾਣਾ ਕੱਥੂਨੰਗਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਲੜਕੇ ਗੁਰਵਿੰਦਰ ਸਿੰਘ ਵਿਰੁੱਧ ਥਾਣਾ ਕੱਥੂਨੰਗਲ ਵਿਖੇ ਮੁਕੱਦਮਾ ਦਰਜ ਸੀ। ਗੁਰਵਿੰਦਰ ਸਿੰਘ ਦੇ ਸਹੁਰਿਆਂ ਵੱਲੋਂ ਉਸ ਦੇ ਵਿਆਹ ਮੌਕੇ ਤੋਹਫ਼ੇ ਦੇ ਤੌਰ ‘ਤੇ ਦਿੱਤੀ ਗਈ ਕਾਰ, ਜੋ ਉਸ ਦੀ ਨੂੰਹ ਜਸਵਿੰਦਰ ਕੌਰ ਪੁੱਤਰੀ ਸਮਸ਼ੇਰ ਸਿੰਘ ਵਾਸੀ ਪਿੰਡ ਕੋਟ ਧਰਮਚੰਦ ਕਲਾਂ ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ ਦੇ ਨਾਂਅ ‘ਤੇ ਸੀ, ਨੂੰ ਬਤੌਰ ਮਾਲ ਮੁਕੱਦਮਾ ਕਬਜ਼ਾ ਪੁਲਿਸ ਵਿਚ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਗੱਡੀ ਨੂੰ ਸਪੁਰਦਾਰੀ ‘ਤੇ ਲੈਣ ਲਈ ਸ਼ਿਕਾਇਤ ਕਰਤਾ ਦੀ ਨੂੰਹ ਜਸਵਿੰਦਰ ਕੌਰ ਵੱਲੋਂ ਮਾਨਯੋਗ ਅਦਾਲਤ ਏ. ਸੀ. ਜੇ. ਐਮ ਅੰਮ੍ਰਿਤਸਰ ਦੀ ਅਦਾਲਤ ਵਿਚ ਦਰਖ਼ਾਸਤ ਦਿੱਤੀ ਗਈ, ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 18-6-16 ਨੂੰ ਮੁੱਖ ਅਫ਼ਸਰ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਰਿਪੋਰਟ ਲਈ ਭੇਜੀ ਗਈ। ਉਨ੍ਹਾਂ ਦੱਸਿਆ ਕਿ ਕਾਰ ਦੀ ਸਪੁਰਦਾਰੀ ਦੀ ਰਿਪੋਰਟ ਬਾਬਤ ਥਾਣਾ ਕੱਥੂਨੰਗਲ ਵਿਖੇ ਪੈਰਵਾਈ ਕਰਨ ਉਪਰੰਤ ਨਾਇਬ ਕੋਰਟ ਰਜਿੰਦਰ ਕੁਮਾਰ ਵੱਲੋਂ ਰਿਪੋਰਟ ਮਾਨਯੋਗ ਅਦਾਲਤ ਵਿਖੇ ਪੇਸ਼ ਕਰਨ ਦੇ ਇਵਜ਼ ਵਿਚ 2500 ਰੁਪਏ ਸ਼ਿਕਾਇਤ ਕਰਤਾ ਪਾਸੋਂ ਰਿਸ਼ਵਤ ਹਾਸਲ ਕਰਦਿਆਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਨੰ: 27, ਮਿਤੀ 9-9-2016, ਅ/ਧ 7, 13(2) ਪੀ. ਸੀ ਐਕਟ 1988 ਤਹਿਤ ਦਰਜ ਕੀਤਾ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply