
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ ਸੱਗੂ) – ਸੂਬੇ ਵਿਚ ਹਰੇਕ ਨਾਗਰਿਕ ਤੱਕ ਮਿਆਰੀ ਸਿਹਤ ਸੁਵਿਧਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਉਪਰਾਲੇ ਕੀਤੇ ਹਨ ਜਿਸ ਤਹਿਤ ਜਿਥੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਤੋਂ ਇਲਾਵਾ ਤਜ਼ਰਬੇਕਾਰ ਡਾਕਟਰੀ ਸਟਾਫ਼ ਤਾਇਨਾਤ ਕੀਤਾ ਗਿਆ ਹੈ ਉਥੇ ਹੀ ਸਰਕਾਰ ਵੱਲੋਂ ਸਿਹਤ ਸਮੱਸਿਆਵਾਂ ਦੇ ਫੌਰੀ ਅਤੇ ਢੁਕਵੇਂ ਹੱਲ ਲਈ ਟੋਲ ਫਰੀ ਹੈਲਪਲਾਈਨ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕਈ ਟੋਲ ਫਰੀ ਹੈਲਪਲਾਈਨ ਨੰਬਰ ਚਲਾਏ ਜਾ ਰਹੇ ਹਨ , ਜਿਨ੍ਹਾਂ ਤੋਂ ਸਿਹਤ ਸਬੰਧੀ ਜਾਣਕਾਰੀ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਸ੍ਰੀ ਰੂਜਮ ਨੇ ਦੱਸਿਆ ਕਿ 104 ਮੈਡੀਕਲ ਹੈਲਪਲਾਈਨ ਨੰਬਰ ਡਾਇਲ ਕਰਨ ‘ਤੇ ਜਿਥੇ ਮਾਹਿਰ ਡਾਕਟਰ, ਕਲੀਨਿਕਲ ਸਾਈਕੋਲੋਜਿਸਟ ਅਤੇ ਪੈਰਾ ਮੈਡੀਕਲ ਦੇ ਮਾਹਰ ਸਿਹਤ ਨਾਲ ਜੁੜੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ, ਉਥੇ ਸਿਹਤ ਸਬੰਧੀ ਮੁਫ਼ਤ ਸਲਾਹ-ਮਸ਼ਵਰਾ ਵੀ ਕਰਦੇ ਹਨ। ਇਸ ਨੰਬਰ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਲੋਪੈਥੀ, ਆਯੂਰਵੈਦਿਕ ਅਤੇ ਹੋਮਿਓਪੈਥੀ ਨਾਲ ਸਬੰਧਤ ਵੱਖ-ਵੱਖ ਕੇਂਦਰੀ ਅਤੇ ਸੂਬਾਈ ਯੋਜਨਾਵਾਂ ਅਧੀਨ ਮਿਲਦੀਆਂ ਸਹੂਲਤਾਂ ਤੋਂ ਇਲਾਵਾ ਸ਼ਰਾਬ, ਸਿਗਰੇਟਨੋਸ਼ੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਚ ਜਕੜੇ ਲੋਕਾਂ ਦੀ ਮਾਹਿਰਾਂ ਦੁਆਰਾ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਅਦਾਰਿਆਂ, ਪੀ.ਐੱਨ.ਡੀ.ਟੀ, ਜਨਮ ਅਤੇ ਮੌਤ ਸਰਟੀਫਿਕੇਟ, ਏਡਜ਼ ਕੰਟਰੋਲ ਆਦਿ ਸੇਵਾਵਾਂ ਸਬੰਧੀ ਕੋਈ ਵੀ ਸ਼ਿਕਾਇਤ 104 ਨੰਬਰ ‘ਤੇ ਦਰਜ ਕਰਵਾਈ ਜਾ ਸਕਦੀ ਹੈ, ਜਿਸ ਦਾ ਸਰਕਾਰ ਵੱਲੋਂ ਫੌਰੀ ਨਿਪਟਾਰਾ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 108-ਐਂਬੂਲੈਂਸ ਸੇਵਾ ਮਰੀਜ ਦੀ ਮਦਦ ਜਾਂ ਜਾਨ ਬਚਾਉਣ ਸਬੰਧੀ ਸਾਰੀਆਂ ਸਹੂਲਤਾਂ ਅਤੇ ਡਾਕਟਰੀ ਔਜ਼ਾਰਾਂ ਨਾਲ ਲੈਸ ਹੈ। ਜੇਕਰ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ ਜਾਂ ਜਣੇਪੇ ਸਬੰਧੀ ਹਸਪਤਾਲ ਤੱਕ ਗਰਭਵਤੀ ਔਰਤ ਨੂੰ ਪੁੱਜਦਾ ਕਰਨਾ ਹੈ ਤਾਂ ਇਸ ਨੰਬਰ ਨੂੰ ਡਾਇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1800-11-6666 ਰਾਸ਼ਟਰੀ ਟੋਲ ਫਰੀ ਨੰਬਰ ਟੀ. ਬੀ ਸਬੰਧੀ ਬਿਮਾਰੀ ਦੇ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਇਸ ਨੰਬਰ ਨੂੰ ਡਾਇਲ ਕਰਨ ਤੋਂ 48 ਘੰਟਿਆਂ ਦੇ ਵਿਚ ਸਿਹਤ ਵਿਭਾਗ ਵੱਲੋਂ ਮਿਸਡ ਕਾਲ ਕਰਨ ਵਾਲੇ ਸਬੰਧਤ ਵਿਅਕਤੀ ਨੂੰ ਖ਼ੁਦ ਫੋਨ ਕਰਕੇ ਉਸ ਨੂੰ ਟੀ. ਬੀ ਸਬੰਧੀ ਸਮੁੱਚੀ ਜਾਣਕਾਰੀ ਦੇਣ ਦੇ ਨਾਲ-ਨਾਲ ਇਲਾਜ ਕਰਵਾਉਣ ਦੀ ਸੇਧ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1097 ਟੋਲ ਫਰੀ ਹੈਲਪਲਾਈਨ ਨੰਬਰ ਤੋਂ ਏਡਜ਼ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਦੇ ਇਛੁੱਕ ਲੋਕ 1800 11 2356 ਟੋਲ ਫਰੀ ਨੰਬਰ ਡਾਇਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹੈਲਪਲਾਈਨ ਨੰਬਰ ਸਿਹਤ ਸੇਵਾਵਾਂ ਦੀ ਪਹੁੰਚ ਦੇ ਦਾਇਰੇ ਨੂੰ ਵਧਾ ਰਹੇ ਹਨ।
Punjab Post Daily Online Newspaper & Print Media