Sunday, March 15, 2026

ਕਰਜ਼ਾ ਮੁਕਤੀ ਅੰਦੋਲਨ ਦੌਰਾਨ ਜੇਲਾਂ ਵਿੱਚ ਡੱਕੇ ਕਿਸਾਨ ਰਿਹਾਅ

ਬਠਿੰਡਾ, 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਰਜ਼ਾ ਮੁਕਤੀ ਅੰਦੋਲਨ ਦੌਰਾਨ ਜੇਲ੍ਹਾਂ ਵਿੱਚ ਡੱਕੇ ਕਿਸਾਨ ਸੂਬਾ ਹਕੂਮਤ ਵਲੋਂ ਬਿਨ੍ਹਾ ਸ਼ਰਤ ਰਿਹਾਅ ਕਰ ਦਿੱਤੇ। ਕਿਸਾਨ ਦੋਲਨ ਅੱਗੇ ਝੁਕਦਿਆ ਬਾਦਲ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਬਠਿੰਡਾ ਦੀ ਗੋਬਿੰਦਪੁਰਾ ਜੇਲ੍ਹ ਵਿੱਚੋਂ ਰਿਹਾਅ ਕੀਤੇ ਸਾਰੇ ਕਿਸਾਨਾਂ ਦਾ ਕਿਸਾਨ ਆਗੂਆਂ ਨੇ ਨਿੱਘਾ ਸਵਾਗਤ ਕਰਦਿਆ ਕਰਜ਼ਾ ਖ਼ਤਮ ਹੋਣ ਤੱਕ ਸੰਘਰਸ਼ ਮਘਾਉਣ ਦਾ ਐਲਾਨ ਵੀ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਰਜ਼ਈ ਕਿਸਾਨ ਨੂੰ ਇਸ ਤੋਂ ਮੁਕਤੀ ਕਰਵਾਉਣ ਲਈ ਬੀਤੇ 5 ਸਤੰਬਰ ਨੂੰ 7 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬੀ. ਕੇੇੇ ਯੂ. ਉਗਰਾਹਾਂ, ਬੀ. ਕੇ. ਯੂ. ਕਰਾਂਤੀਕਾਰੀ, ਬੀ. ਕੇ. ਯੂ. ਕਰਾਂਤੀਕਾਰੀ ਪੰਜਾਬ ਤੇ 3 ਹੋਰ ਕਿਸਾਨ ਸੰਘਰਸ਼ ਕਮੇਟੀਆਂ ਦੇ ਸੱਦੇ ‘ਤੇ ਕਰਜ਼ਾ ਮੁਕਤੀ ਅਤੇ ਕਿਸਾਨੀ ਸੰਕਟ ਦੇ ਹੱਲ ਲਈ ਚੰਡੀਗੜ੍ਹ ਵਿਖੇ ਅਣਮਿਥੇ ਸਮੇਂ ਲਈ ਧਰਨੇ ਦੇ ਸੱਦੇ ਮੌਕੇ 3 ਦਿਨ ਪਹਿਲਾ ਹੀ ਸੂਬਾ ਹਕੂਮਤ ਨੇ ਕਿਸਾਨ ਆਗੂਆਂ ਤੇ ਕਿਸਾਨ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇੱਥੇ ਹੀ ਬੱਸ ਨਹੀਂ ਸਗੋਂ ਧਰਨੇ ਵਿੱਚ ਜਾਣ ਵਾਲੇ ਪੰਜਾਬ ਪੱਧਰ ਦੇ ਕਿਸਾਨ ਨੂੰ ਵੱਖ ਵੱਖ ਥਾਵਾਂ ਤੋਂ ਜਬਰੀ ਚੱਕ ਲਿਆ। ਇਸ ਧਰਨੇ ਤੋਂ ਪਹਿਲਾ ਹੀ ਤਰਨ ਤਾਰਨ ਵਿੱਚ ਕਿਸਾਨਾਂ ‘ਤੇ ਪੁਲਿਸ ਤਸੱਦਦ ਵੀ ਹੋਇਆ ਅਤੇ ਬਠਿੰਡਾ ਜਿਲੇ ਦੇ ਲਹਿਹਰਾ ਧੂਰਕੋਟ ਵਿੱਚ ਕਿਸਾਨਾਂ ‘ਤੇ ਪਾਣੀ ਬਛਾੜਾਂ ਵੀ ਮਾਰੀਆਂ ਗਈਆਂ ਸਨ।
ਬਠਿੰਡਾ ਦੀ ਜੇਲ੍ਹ ਵਿੱਚ ਵੱਡੀ ਗਿਣਤੀ ਵਿੱਚ ਮਾਨਸਾ ਜਿਲੇ ਨਾਲ ਸਬੰਧਤ ਕਿਸਾਨ ਸਨ। ਇਸ ਜੇਲ੍ਹ ਵਿੱਚੋਂ ਸਾਰੇ 143 ਕਿਸਾਨ ਛੱਡੇ ਗਏ। ਜੇਲ੍ਹ ਵਿੱਚੋਂ ਛੱਡੇ ਜਾਣ ਵਾਲਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ, ਬੀ. ਕੇ. ਯੂ. ਉਗਰਾਹਾਂ ਮਾਨਸਾ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬੀ. ਕੇ. ਯੂ. ਡਕੌਂਦਾ ਦੇ ਜਿਲ੍ਹਾ ਵਿੱਤ ਸਕੱਤਰ ਮਾਨਸਾ ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਰਾਜ ਸਿੰਘ ਮਾਨਸਾ ਬਲਾਕ ਸਕੱਤਰ, ਲੱਛਮਣ ਸਿੰਘ ਚੱਕ ਅਲੀ ਸ਼ੇਰ ਪ੍ਰਧਾਨ ਬੁਢਲਾਡਾ ਬਲਾਕ, ਰੂਪ ਸਿੰਘ ਅਨੂਪਗੜ੍ਹ ਪ੍ਰਧਾਨ ਭੀਖੀ ਬਲਾਕ, ਬੰਤ ਸਿੰਘ ਮਾਖਾ ਬਲਾਕ ਝੁਨੀਰ ਪ੍ਰਧਾਨ, ਗੁਰਤੇਜ ਸਿੰਘ ਵਰ੍ਹੇ ਬੁਢਲਾਡਾ ਬਲਾਕ, ਜਗਜੀਤ ਜੋਗਾ ਰੱਲਾ ਇਕਾਈ ਪ੍ਰਧਾਨ ਡਕੌਂਦਾ ਸਾਰੇ ਆਹੁਦੇਦਾਰ ਬੀ. ਕੇ. ਯੂ. ਡਕੌਦਾ ਆਦਿ ਸਮੇਤ 143 ਕਿਸਾਨ ਸ਼ਾਮਲ ਸਨ।
ਰਿਹਾਅ ਕਰਨ ਵਾਲੇ ਕਿਸਾਨਾਂ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ, ਬੀ. ਕੇ. ਯੂ. ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਬੀ. ਕੇ. ਯੂ. ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ, ਜਿਲ੍ਹਾ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਕੋਟਭਾਰਾ, ਜਿਲ੍ਹਾ ਮੀਤ ਪ੍ਰਧਾਨ ਬੀ. ਕੇ. ਯੂ. ਉਗਰਾਹਾਂ ਹਰਜਿੰਦਰ ਸਿੰਘ ਬੱਗੀ ਆਦਿ ਵੀ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਕਿਸਾਨ ਸ਼ਾਮਲ ਸਨ।
ਇਕੱਠ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਨੇ ਕਿਸਾਨਾਂ ਦਾ ਕਰਜ਼ਾ ਖ਼ਤਮ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰਦਿਆ ਕਿਹਾ ਕਿ ਇਸ ਦੀ ਅਗਲੀ ਰਣਨੀਤੀ ਲਈ ਉਕਤ 7 ਜਥੇਬੰਦੀਆਂ ਦੀ 20 ਸਤੰਬਰ ਨੂੰ ਮੋਗਾ ਸ਼ਹਿਰ ਵਿੱਚ ਸੂਬਾ ਪੱਧਰੀ ਮੀਟਿੰਗ ਰੱਖੀ ਗਈ ਹੈ। ਕਿਸਾਨ ਆਗੂਆਂ ਨੇ ਤਿੱਖੇ ਸੁਰ ਵਿੱਚ ਕਿਹਾ ਕਿ ਉਹ ਹਰ ਹਾਲਤ ਵਿੱਚ ਕਿਸਾਨਾਂ ਨੂੰ ਕਰਜ਼ੇ ਤੋਂ ਰਹਿਤ ਕਰਵਾਉਣ ਤੇ ਖ਼ੇਤੀ ਸੰਕਟ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਇਹ ਵੀ ਕਿਹਾ ਕਿ ਕਰਜ਼ਾ ਮੁਕਤੀ ਅੰਦੋਲਨ ਤਹਿਤ ਗ੍ਰਿਫ਼ਤਾਰ ਹੋਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਕੱਲ 15 ਸਤੰਬਰ ਦੇ ਪੰਜਾਬ ਭਰ ਵਿੱਚ ਜਿਲ੍ਹਾ ਡੀ. ਸੀ. ਦਫ਼ਤਰਾਂ ਅੱਗੇ ਧਰਨੇ ਰੱਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਵੀ ਸੰਘਰਸ਼ ਦੇ ਇੱਕ ਪੜ੍ਹਾਅ ਦੀ ਜਿੱਤ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply