Friday, March 20, 2026

ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦਾ 2011 ਹਾਊਸ ਬਹਾਲ ਕਰਨਾ ਸਿੱਖਾਂ ਦੀ ਸਿਧਾਂਤਕ ਜਿੱਤ – ਜਥੇਦਾਰ ਮੱਕੜ

Makkar New

ਅੰਮ੍ਰਿਤਸਰ, 15 ਸਤੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਸ਼ੋ੍ਰਮਣੀ ਕਮੇਟੀ ਦੇ 2011 ਵਿੱਚ ਚੁਣੇ ਗਏ ਹਾਊਸ ਨੂੰ ਬਹਾਲ ਕਰਨ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਇਸ ਨੂੰ ਸਿੱਖਾਂ ਦੀ ਸਿਧਾਂਤਿਕ ਜਿੱਤ ਦੱਸਿਆ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਕੌਮੀ ਮਸਲਾ ਸੀ ਜਿਸ ਲਈ ਸ਼ੋ੍ਰਮਣੀ ਕਮੇਟੀ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਲੰਮੀ ਲੜਾਈ ਲੜੀ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 8 ਅਕਤੂਬਰ 2003 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਕੋਈ ਹੱਕ ਨਹੀਂ ਹੈ ਜਿਸ ਦੇ ਬਾਵਜੂਦ ਸਹਿਜਧਾਰੀ ਸਿੱਖਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਤਦ ਸਪੱਸ਼ਟ ਕੀਤਾ ਸੀ ਕਿ ਹਾਈ ਕੋਰਟ ਨੇ ਨੋਟੀਫਿਕੇਸ਼ਨ ਰੱਦ ਕਰਕੇ ਕਾਨੂੰਨੀ ਕੋਤਾਹੀ ਕੀਤੀ ਹੈ ਜਦੋਂਕਿ ਗੁਰਦੁਆਰਾ ਐਕਟ 1925 ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਕੇਸਧਾਰੀ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਕੋਈ ਵੀ ਸਹਿਜਧਾਰੀ ਨਹੀਂ ਹੈ, ਜੋ ਵਿਅਕਤੀ ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੂਰਨ ਵਿਸ਼ਵਾਸ਼ ਰੱਖਦਾ ਹੈ, ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਅਤੇ ਸਾਬਤ ਸੂਰਤ ਰਹਿੰਦਾ ਹੈ ਉਹ ਗੁਰੂ ਦਾ ਸਿੱਖ ਹੈ ਅਤੇ ਜੋ ਆਪਣੇ ਕੇਸ ਕਤਲ ਕਰਵਾ ਲੈਂਦਾ ਹੈ ਤੇ ਦੂਸਰੇ ਧਰਮ ਨੂੰ ਮੰਨਦਾ ਹੈ ਉਹ ਪਤਿਤ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਿੱਖਾਂ ਦਾ ਸ਼ੋ੍ਰਮਣੀ ਕਮੇਟੀ ਚੋਣਾਂ ਵਿੱਚ ਵੋਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਸ਼ਲਾਘਾਯੋਗ ਫੈਸਲਾ ਦਿੱਤਾ ਗਿਆ ਹੈ।ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਸਮੇਂ ਸਮੇਂ ‘ਤੇ ਸਹਿਜਧਾਰੀ ਸਿੱਖਾਂ ਸਬੰਧੀ ਅਦਾਲਤੀ ਕਾਰਵਾਈ ਵਿੱਚ ਸਹਿਯੋਗ ਦਿੱਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply