
ਅਟਾਰੀ, 2 ਅਕਤੂੁਬਰ (ਜਗਦੀਪ ਸਿੰਘ ਸੱਗੂ)- ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਤਨਾਅ ਕਾਰਨ ਪ੍ਰਭਾਵਿਤ ਹੋਏ ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਮਸਲੇ ਸੁਣਨ ਅਤੇ ਉਨਾਂ ਦਾ ਹੱਲ ਕਰਨ ਲਈ ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਸਵੇਰ ਤੋਂ ਸ਼ੁਰੂ ਹੋਏ ਇਸ ਦੌਰੇ ਦੌਰਾਨ ਮੁੱਖ ਮੰਤਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਨਾਲ ਲੱਗਦੇ 8 ਪਿੰਡਾਂ ਵਿਚ ਪਹੁੰਚੇ ਅਤੇ ਲੋਕਾਂ ਦੇ ਮੁੱਦੇ ਸੁਣ ਕੇ ਉਨਾਂ ਦੇ ਹੱਲ ਕਰਦੇ ਰਹੇ।
ਸਰਕਾਰ ਵੱਲੋਂ ਅਲਰਟ ਜਾਰੀ ਹੋਣ ਅਤੇ 10 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਪਿੰਡ ਖਾਲੀ ਕਰਨ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਆਪਣੇ ਘਰਾਂ ਵਿਚ ਰਹਿ ਰਹੇ ਲੋਕਾਂ ਦੀ ਸਿਫਤ ਕਰਦੇ ਸ. ਬਾਦਲ ਨੇ ਕਿਹਾ ਕਿ ਅਸਲ ਦੇਸ਼ ਭਗਤ ਇਹ ਲੋਕ ਹਨ, ਜੋ ਆਪਣੀ ਜਾਨ-ਮਾਲ ਦੀ ਪਰਵਾਹ ਕੀਤੇ ਬਿਨਾਂ ਸਰਹੱਦ ‘ਤੇ ਡਟੇ ਹੋਏ ਹਨ। ਉਨਾਂ ਕਿਹਾ ਕਿ ਇਹ ਉਹ ਲੋਕ ਹਨ, ਜਿੰਨਾਂ ਨੇ ਪਾਕਿਸਤਾਨ ਨਾਲ ਪਹਿਲਾਂ ਹੋਈਆਂ ਜੰਗਾਂ ਵੇਲੇ ਫੌਜ ਦੇ ਬੰਕਰਾਂ ਤੱਕ ਜਵਾਨਾਂ ਨੂੰ ਰੋਟੀ-ਪਾਣੀ ਪੁੱਜਦਾ ਕੀਤਾ।ਉਨਾਂ ਕਿਹਾ ਕਿ ਇੰਨਾਂ ਬਹਾਦਰ ਲੋਕਾਂ ਨੂੰ ਭਾਵੇਂ ਕਈ ਮੁਸ਼ਿਕਲਾਂ ਸਰਹੱਦ ‘ਤੇ ਵਸਦੇ ਹੋਣ ਕਾਰਨ ਆਉਂਦੀਆਂ ਹਨ, ਪਰ ਇਹ ਖਿੜੇ ਮੱਥੇ ਦੇਸ਼ ਖਾਤਰ ਝੱਲਦੇ ਰਹੇ ਹਨ।ਬਾਦਲ ਨੇ ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਨੂੰ ਫੌਜ ਅਤੇ ਅਰਧ ਸੁਰੱਖਿਆ ਬਲਾਂ ਵਿਚ ਤਰਜੀਹੀ ਅਧਾਰ ‘ਤੇ ਵਿਸ਼ੇਸ਼ ਕੈਂਪ ਲਗਾ ਕੇ ਭਰਤੀ ਕਰਨ ਦਾ ਮੁੱਦਾ ਉਹ ਕੇਂਦਰ ਸਰਕਾਰ ਕੋਲ ਉਠਾਉਣਗੇ, ਤਾਂ ਜੋ ਇੰਨਾਂ ਦੇਸ਼ ਭਗਤ ਅਤੇ ਬਹਾਦਰ ਪਰਿਵਾਰਾਂ ਦੇ ਨੌਜਵਾਨਾਂ ਤੋਂ ਹੋਰ ਵਧੇਰੇ ਦੇਸ਼ ਸੇਵਾ ਲਈ ਜਾ ਸਕੇ।
ਇਸ ਮੌਕੇ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੀਤੇ ਗਏ ਤਖੌਲਿਆਂ ਨੂੰ ਸੁਣਨ ਮਗਰੋਂ ਸ. ਬਾਦਲ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੈਕਟਰੀ ਨੂੰ ਫੋਨ ‘ਤੇ ਇਸ ਖੇਤਰ ਦੇ ਝੋਨੇ ਦੀ ਖਰੀਦ ਲਈ ਵਿਸ਼ੇਸ਼ ਕਦਮ, ਜਿਸ ਵਿਚ ਵੱਖਰੇ ਖਰੀਦ ਅਧਿਕਾਰੀ ਵੀ ਸ਼ਾਮਿਲ ਹਨ, ਲਗਾਉਣ ਦੀ ਹਦਾਇਤ ਕੀਤੀ।ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਇਕ-ਇਕ ਝੋਨੇ ਦਾ ਦਾਣਾ ਸਰਕਾਰ ਵੱਲੋਂ ਖਰੀਦ ਕੀਤਾ ਜਾਵੇਗਾ, ਪਰ ਤੁਸੀਂ ਕਾਹਲ ਵਿਚ ਕੱਚਾ ਝੋਨਾ ਨਾ ਕੱਟੋ।ਬਾਦਲ ਨੇ ਇਸ ਮੌਕੇ ਤਾਰੋਂ ਪਾਰਲੀ ਜ਼ਮੀਨ ਦਾ ਮੁਆਵਜਾ ਵੀ ਤੁਰੰਤ ਕਿਸਾਨਾਂ ਨੂੰ ਦੇਣ ਦੀ ਹਦਾਇਤ ਸਬੰਧਤ ਅਧਿਕਾਰੀਆਂ ਨੂੰ ਕੀਤੀ।ਬਾਦਲ ਨੇ ਕਿਹਾ ਕਿ ਤਾਰੋਂ ਪਾਰ ਵਾਲੀਆਂ ਜ਼ਮੀਨਾਂ ਵਿਚੋਂ ਝੋਨਾ ਕੱਟਣ ‘ਤੇ ਕਿਸੇ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਉਨਾਂ ਇਸ ਬਾਬਤ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰ ਲਈ ਹੈ, ਪਰ ਫਿਰ ਵੀ ਜੇਕਰ ਕਿਸੇ ਕਿਸਾਨ ਨੂੰ ਬੀ.ਐਸ.ਐਫ ਵੱਲੋਂ ਕੋਈ ਤੰਗੀ ਆਉਂਦੀ ਹੈ, ਤਾਂ ਉਹ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
ਦੇਸ਼ ਦੀ ਰੱਖਿਆ ਲਈ ਸਰਹੱਦੀ ਖੇਤਰ ਵਿਚ ਬਣੀਆਂ ਡਰੇਨਾਂ ‘ਤੇ ਬਣੇ ਤੰਗ ਪੁੱਲਾਂ ਦੇ ਮੁੱਦੇ ‘ਤੇ ਬੋਲਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਪੁੱਲ ਚੌੜੇ ਕਰਨੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਅਤੇ ਉਹ ਇਹ ਮੁੱਦਾ ਕੇਂਦਰੀ ਰੱਖਿਆ ਮੰਤਰੀ ਕੋਲ ਉਠਾ ਕੇ ਛੇਤੀ ਇਸ ਦਾ ਹੱਲ ਕਰਨਗੇ, ਤਾਂ ਕਿ ਭਵਿੱਖ ਵਿਚ ਕੋਈ ਹਾਦਸਾ ਨਾ ਵਾਪਰੇ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜੰਮੂ-ਕਸ਼ਮੀਰ ਵਿਚ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਹਮਲਿਆਂ ਦੇ ਜਵਾਬ ਵਿਚ ਪਾਕਿਸਤਾਨ ਵੱਲੋਂ ਕੋਈ ਕਾਰਵਾਈ ਨਾ ਹੋਵੇ, ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ‘ਤੇ ਹੀ ਸਰਹੱਦ ਤੋਂ 10 ਕਿਲੋਮੀਟਰ ਤੱਕ ਦਾ ਹਿੱਸਾ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਉਨਾਂ ਦੀ ਸਲਾਹ ਨਾਲ ਹੀ ਲੋਕਾਂ ਨੂੰ ਵਾਪਸ ਘਰਾਂ ਵਿਚ ਪਰਤਣ ਦੀ ਅਪੀਲ ਕੀਤੀ ਜਾਵੇਗੀ।ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਡਾ. ਰਤਨ ਸਿੰਘ ਅਜਨਾਲਾ, ਵਿਧਾਇਕ ਅਮਰਪਾਲ ਸਿੰਘ ਬੋਨੀ, ਚੇਅਰਮੈਨ ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਸ੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟੇਵੱਢ, ਗੁਰਿੰਦਰ ਸਿੰਘ ਲਾਲੀ ਰਣੀਕੇ, ਰਾਣਾ ਲੋਪੋਕੇ, ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ, ਐਸ ਡੀ ਐਮ ਡਾ. ਅਨੂੰਪ੍ਰੀਤ ਕੌਰ, ਐਸ ਡੀ ਐਮ ਰਾਜੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media