
ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) – ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਨੀਤੀਆਂ ਕਾਰੋਬਾਰ ਤੇ ਵਪਾਰ ਬੰਦ ਕਰਵਾ ਦਿਤੇ ਹਨ, ਜੋ ਅਕਾਲੀ-ਭਾਜਪਾ ਸਰਕਾਰ ਦੇ ਪਤਨ ਦਾ ਕਾਰਣ ਬਣੇਗਾ।ਇਹ ਵਿਚਾਰ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਐਡਵੋਕੇਟ ਰਾਜੀਵ ਭਗਤ ਨੇ ਹਲਕਾ ਪੱਛਮੀ ਦੇ ਇਲਾਕੇ ਰਾਣੀ ਦਾ ਬਾਗ ਤੋਂ ਪੰਜਾਬ ਪਰਿਵਰਤਨ ਮੋਟਰਸਾਈਕਲ ਰੈਲੀ ਕੱਢਣ ਦੌਰਾਨ ਪਗਟ ਕਰਦਿਆਂ ਕਿਹਾ ਅਕਾਲੀ-ਭਾਜਪਾ ਸਰਕਾਰ ਵਲੋਂ ਭਾਜਪਾ ਨੇਤਾਵਾਂ ਨੂੰ ਖੁਸ਼ ਕਰਣ ਲਈ ਪੰਜਾਬ ਵਪਾਰ ਵਿਕਾਸ ਬੋਰਡ, ਪੰਜਾਬ ਲਘੂ ਵਪਾਰ ਬੋਰਡ, ਪੰਜਾਬ ਮੀਡੀਅਮ ਇੰਡਸਟਰੀਜ ਵਿਕਾਸ ਬੋਰਡ, ਪੰਜਾਬ ਸਮਾਲ ਸਕੇਲ ਇੰਡਸਟਰੀਜ ਵਿਕਾਸ ਬੋਰਡ ਆਦਿ ਦਾ ਗਠਨ ਕਰਕੇ ਕਰੋੜਾਂ ਰੁਪਏ ਖਰਚ ਕੀਤੇ ਹਨ, ਪਰ ਇਨਾਂ ਦਾ ਸੁੱਖ ਕੇਵਲ ਬੋਰਡਾਂ ‘ਤੇ ਕਾਬਜ਼ ਭਾਜਪਾ ਨੇਤਾਵਾਂ ਨੇ ਹੀ ਭੋਗਿਆ ਹੈ।ਉਨ੍ਹਾਂ ਨੇ ਅੱਜ ਤੱਕ ਕਿਸੇ ਵੀ ਵਪਾਰੀ ਦੀ ਸਮੱਸਿਆ ਨਹੀਂ ਸੁਣੀ। ਉਨਾਂ ਕਿਹਾ ਕਿ ਸ਼ਹਿਰਾਂ ਵਿੱਚ ਵਿਕਾਸ ਨਹੀਂ ਹੋ ਰਿਹਾ ਲੇਕਿਨ ਸਰਕਾਰ ਪ੍ਰਾਪਰਟੀ ਟੈਕਸ ਲਗਾ ਕੇ ਵਪਾਰੀਆਂ ਅਤੇ ਸ਼ਹਿਰੀਆਂ ਦਾ ਲੱਕ ਤੋੜ ਰਹੀ ਹੈ।ਪਿਛਲੇ 6 ਮਹੀਨੀਆਂ ਵਿੱਚ ਹੀ ਈ-ਟਰਿਪ, ਜ਼ਮੀਨ ਰਜਿਸਟਰੇਸ਼ਨ, ਪ੍ਰਾਪਰਟੀ ਟੈਕਸ, ਇੰਡਸਟਰੀਜ ਅਡਵਾਂਸ ਟੈਕਸ, ਪੈਲੇਸ ਅਡਵਾਂਸ ਟੈਕਸ, ਕਲੋਨੀ ਰੇਗੁਲਰਾਈਜੇਸ਼ਨ ਫੀਸ, ਪੈਲੇਸ ਰੇਗੁਲਰਾਈਜੇਸ਼ਨ ਫੀਸ ਅੇਤ ਵੈਟ ਡੀਲਰਾਂ ਉੱਤੇ ਪ੍ਰੋਸੇਸਿੰਗ ਫੀਸ ਦਾ ਬੋਝ ਪਾ ਕੇ ਵਪਾਰ ਤਬਾਹ ਕਰ ਕੇ ਰੱਖ ਦਿੱਤਾ ਹੈ।ਐਡਵੋਕੇਟ ਭਗਤ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਡੇਂਗੂ ਦਾ ਕਹਿਰ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ।ਜਿਸ ਦਾ ਮੁੱਖ ਕਾਰਨ ਸ਼ਹਿਰੀ ਖੇਤਰਾਂ ਵਿੱਚ ਸੀਵਰੇਜ ਪ੍ਰਣਾਲੀ ਦੀ ਖਰਾਬੀ ਹੈ, ਇਸੇ ਖਰਾਬੀ ਕਰ ਕੇ ਪੀਣ ਵਾਲਾ ਪਾਣੀ ਦੂਸ਼ਿਤ ਹੋ ਰਿਹਾ ਹੈ।
ਮੋਟਰਸਾਈਕਲ ਰੈਲੀ ਤੋਂ ਪਹਿਲਾਂ ਰਾਣੀ ਕਾ ਬਾਗ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪੰਡਤ ਲਾਲ ਬਹਾਦੁਰ ਸ਼ਾਸਤਰੀ ਨੂੰ ਉਨਾਂ ਦੇ ਜਨਮ ਦਿਨ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚੋਂ ਹੁੰਦੀ ਹੋਈ ਖੰਡਵਾਲਾ ਪਹੁੰਚ ਕੇ ਸਮਾਪਤ ਹੋਈ।
Punjab Post Daily Online Newspaper & Print Media