
ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ, ਰਵਾਇਤ ਤੇ ਅਮੀਰ ਵਿਰਸੇ ਦਾ ਪਾਸਾਰ ਕਰਨ ਲਈ ਇੱਥੋਂ ਦੇ ਫੇਜ਼-1 ਵਿੱਚ ਸਥਿਤ ਮਾਡਲ ਟਾਊਨ ਦੇ ਦਾਦੀ-ਪੋਤੀ ਪਾਰਕ ਵਿੱਚ 12 ਦਿਨ ਚੱਲਣ ਵਾਲਾ ਖੇਤਰੀ ਸਰਸ ਮੇਲਾ 14 ਅਕਤੂਬਰ ਤੋਂ ਸ਼ੁਰੂ ਹੋਵੇਗਾ।ਇਸ ਮੇਲੇ ਵਿੱਚ ਮੁਲਕ ਭਰ ਤੋਂ ਵੱਖ-ਵੱਖ ਸਵੈ-ਸਹਾਇਤਾ ਗਰੁੱਪ 250 ਸਟਾਲ ਲਾਉਣਗੇ ਅਤੇ ਇਸ ਤੋਂ ਇਲਾਵਾ ਜਾਦੂ ਦੇ ਸ਼ੋਅ, ਮਨੋਰੰਜਨ ਅਤੇ ਬੱਚਿਆਂ ਲਈ ਸਿਰਜਣਾਤਮਕ ਗਤੀਵਿਧੀਆਂ ਹੋਣਗੀਆਂ। ਮੇਲੇ ਵਿੱਚ ਗੁਜਰਾਤ, ਉੱਤਰ ਪ੍ਰਦੇਸ਼, ਅਸਾਮ, ਉੜੀਸਾ, ਜੰਮੂ ਕਸ਼ਮੀਰ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਰਾਜਸਥਾਨ ਦੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਤੋਂ ਇਲਾਵਾ 12 ਦਿਨ ਚੱਲਣ ਵਾਲੀਆਂ ਗਤੀਵਿਧੀਆਂ ਵਿੱਚ ਵੱਖ-ਵੱਖ ਸਕੂਲਾਂ ਦੇ 6000 ਬੱਚੇ ਹਿੱਸਾ ਲੈਣਗੇ। ਸਵੈ-ਸਹਾਇਤਾ ਗਰੁੱਪ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਨੁਮਾਇਸ਼ ਲਾਉਣਗੇ। ਸਰਸ ਮੇਲੇ ਵਾਲੀ ਥਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵੱਖ-ਵੱਖ ਸੂਬਿਆਂ ਦੇ ਦਸਤਕਾਰਾਂ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਨਾ ਸਿਰਫ ਦਸਤਕਾਰਾਂ ਨੂੰ ਆਪਣੀ ਵਸਤਾਂ ਵੇਚਣ ਲਈ ਸਿੱਧਾ ਤੇ ਬਿਹਤਰੀਨ ਮੌਕਾ ਮੁਹੱਈਆ ਕਰਵਾਉਂਦਾ ਹੈ ਸਗੋਂ ਰੁਜ਼ਗਾਰ ਦੇ ਮੌਕੇ ਵੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਪੇਂਡੂ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਰਸ ਮੇਲੇ ਵਿੱਚ 25 ਸੂਬਿਆਂ ਦੇ ਦਸਤਕਾਰ ਹਿੱਸਾ ਲੈਣਗੇ।
ਇਕ ਸਵਾਲ ਦੇ ਜੁਆਬ ਵਿੱਚ ਡਾ. ਅਗਰਵਾਲ ਨੇ ਕਿਹਾ ਕਿ ਸਰਸ ਮੇਲਾ ਮੁਲਕ ਭਰ ਦੇ ਦਸਤਕਾਰਾਂ ਤੇ ਕਲਾਕਾਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਸਿਹਤਮੰਦ ਮੰਚ ਹੈ। ਵਿਸਥਾਰ ਵਿੱਚ ਦੱਸਦਿਆਂ ਡਾ. ਅਗਰਵਾਲ ਨੇ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਰੋਜ਼ਾਨਾ ਵੱਖ-ਵੱਖ ਰੂਪ ਵਿੱਚ ਕਰਵਾਈਆਂ ਜਾਣਗੀਆਂ ਕਿਉਂ ਜੋ ਉੱਘੇ ਕਲਾਕਾਰ, ਗਾਇਕ ਅਤੇ ਗਜ਼ਲਗੋ ਆਪਣੀ ਪੇਸ਼ਕਾਰੀ ਕਰਨਗੇ। ਉਨ੍ਹਾਂ ਨੇ ਬਠਿੰਡਾ ਤੇ ਨੇੜਲੇ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਨੂੰ ਸਫਲਤਪੂਰਨ, ਇਤਿਹਾਸਕ ਅਤੇ ਯਾਦਗਾਰੀ ਬਣਾਉਣ ਦੀ ਅਪੀਲ ਕੀਤੀ।
Punjab Post Daily Online Newspaper & Print Media