
ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਫਰੀਦਾਬਾਦ ਵਿੱਚ ਇੱਕ ਖਾਲਸਾ ਸਕੂਲ ਖੋਲਣ ਵਾਸਤੇ 1976 ਤੋਂ ਲੜਾਈ ਲੜ ਰਹੀ ਫਰੀਦਾਬਾਦ ਸਰਬ ਗੁਰਦੁਆਰਾ ਕਮੇਟੀ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਗਿਆ।ਐਫ਼.ਐਸ.ਜੀ.ਸੀ ਦੇ ਪ੍ਰਧਾਨ ਅਵਤਾਰ ਸਿੰਘ ਖੁਰਾਣਾ ਅਤੇ ਮਾਲੀ ਸਕੱਤਰ ਐਸ.ਐਸ.ਬਾਂਗਾ ਨੇ ਦਿੱਲੀ ਕਮੇਟੀ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆਪਣੀਆਂ ਪਰੇਸ਼ਾਨੀਆਂ ਦਾ ਵੇਰਵਾ ਦਿੱਤਾ।
ਖੁਰਾਣਾ ਨੇ ਦੱਸਿਆ ਕਿ 1976 ਵਿਚ ਫਰੀਦਾਬਾਦ ਦੇ ਐਨ.ਆਈ.ਟੀ ਵਿਖੇ ਖਾਲਸਾ ਸਕੂਲ ਖੋਲਣ ਲਈ 5 ਏਕੜ ਜ਼ਮੀਨ ਸਰਕਾਰ ਵੱਲੋਂ ਸਾਨੂੰ ਅਲਾਟ ਕੀਤੀ ਗਈ ਸੀ ਜਿਸ ਦੀ ਬਕਾਇਦਾ ਲੀਜ਼ ਡੀਡ ਵੀ ਰਜ਼ਿਸਟਰਡ ਹੋਈ ਸੀ ਪਰ ਸਥਾਨਿਕ ਲੋਕਾਂ ਵੱਲੋਂ ਉਕਤ ਪਲਾਟ ਨੂੰ ਪਾਰਕ ਦੀ ਜ਼ਮੀਨ ਦੱਸਣ ਤੋਂ ਬਾਅਦ ਪੈਦਾ ਹੋਏ ਵਿਵਾਦ ਕਰਕੇ ਬੀਤੇ 40 ਸਾਲਾਂ ਤੋਂ ਅਸੀਂ ਪਲਾਟ ਦਾ ਕਬਜਾ ਲੈਣ ਲਈ ਲੜਾਈ ਲੜ ਰਹੇ ਹਾਂ।ਇਸ ਲੰਬੇ ਸਮੇਂ ਦੌਰਾਨ ਸੂਬੇ ਵਿਚ ਜਿਆਦਾਤਰ ਕਾਂਗਰਸ ਦਾ ਰਾਜ ਰਿਹਾ, ਜਿਸ ਕਰਕੇ ਅਦਾਲਤਾਂ ਵਿਚ ਵੀ ਸਾਡੇ ਖਿਲਾਫ਼ ਸਰਕਾਰਾਂ ਨੇ ਜਮ ਕੇ ਦਲੀਲਾਂ ਦਿੱਤੀਆਂ। ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਮਸਲੇ ਨੂੰ ਲੈ ਕੇ ਬੀਤੇ ਸਵਾ ਸਾਲ ਤੋਂ ਮੁਲਾਕਾਤ ਦਾ ਸਮਾਂ ਨਾ ਦੇਣ ਦਾ ਵੀ ਉਨ੍ਹਾਂ ਨੇ ਦੋਸ਼ ਲਗਾਇਆ।ਉਨ੍ਹਾਂ ਕਿਹਾ ਕਿ ਫਰੀਦਾਬਾਦ ਵਿੱਚ ਵੱਖ-ਵੱਖ 175 ਨਿਜ਼ੀ ਸਕੂਲ ਹੋਣ ਦੇ ਬਾਵਜੂਦ ਫਰੀਦਾਬਾਦ ਦੇ 3 ਲੱਖ ਸਿੱਖ ਪੰਥਕ ਸਿੱਖਿਆ ਹਾਸਿਲ ਕਰਨ ਵਾਸਤੇ ਇੱਕ ਖਾਲਸਾ ਸਕੂਲ ਖੋਲਣ ਲਈ ਸਰਕਾਰੀ ਕ੍ਰਿਪਾ ਦੀ ਉਡੀਕ ਕਰ ਰਹੇ ਹਨ।ਉਨ੍ਹਾਂ ਨੇ ਹਰਿਆਣਾ ਸਰਕਾਰ ‘ਤੇ ਸਿੱਖਾਂ ਨਾਲ ਭੇਦਭਾਵ ਕਰਨ ਦਾ ਆਰੋਪ ਲਗਾਉਂਦੇ ਹੋਏ ਇਸ ਸਬੰਧ ਵਿਚ ਕੌਮੀ ਘੱਟਗਿਣਤੀ ਕਮਿਸ਼ਨ ਅਤੇ ਕੇਂਦਰੀ ਘਟਗਿਣਤੀ ਮਾਮਲਿਆਂ ਦੇ ਮੰਤਰੀ (ਸੁਤੰਤਰ ਪ੍ਰਭਾਰ) ਮੁਖਤਾਰ ਅਬਾਸ ਨਕਵੀ ਤੱਕ ਪਹੁੰਚ ਕੀਤੀ ਗਈ ਕਾਨੂੰਨੀ ਅਤੇ ਸਿਆਸ਼ੀ ਕਾਰਵਾਈ ਦੇ ਸਬੂਤ ਵੀ ਕੁੱਝ ਨਹੀ ਹੋਇਆ।
ਹੁੱਡਾ ਸੈਕਟਰ-16 ਵਿੱਚ 1997-98 ਤੋਂ ਸਥਾਪਿਤ ਗੁਰਦੁਆਰਾ ਸਾਹਿਬ ਨੂੰ ਹਰਿਆਣਾ ਪ੍ਰਸ਼ਾਸਨ ਵੱਲੋਂ ਗੁਰਦੁਆਰੇ ਵੱਜੋਂ ਮਾਨਤਾ ਨਹੀਂ ਦਿੱਤੇ ਜਾਣ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ 1980 ਵਿਚ ਦਿੱਤੇ ਗਏ ਆਦੇਸ਼ ਦੀ ਸਿੱਧੀ ਉਲੰਘਣਾ ਦੱਸਿਆ।ਉਨ੍ਹਾਂ ਹੈਰਾਨੀ ਜਤਾਈ ਕਿ ਧਾਰਮਿਕ ਸਥਾਨ ਹੋਣ ਦੇ ਬਾਵਜੂਦ ਸਾਡੇ ਕੋਲੋਂ ਸਰਕਾਰ ਪਾਸੋਂ ਹਰ ਤਰ੍ਹਾਂ ਦੇ ਟੈਕਸ ਦੀ ਅਦਾਇਗੀ ਵਪਾਰਿਕ ਅਦਾਰੇ ਵੱਜੋਂ ਲਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬਾਕੀ ਬਿਰਾਦਰੀਆਂ ਦੇ ਫਰੀਦਾਬਾਦ ਵਿਚ 67 ਸਮੂਦਾਇਕ ਭਵਨ ਹਨ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਸਾਡੀ ਅਰਜੀ ਨੂੰ ਪ੍ਰਾਥਮਿਕ ਤੋਰ ‘ਤੇ 2011ਵਿੱਚ ਮਨਜੂਰੀ ਦੇਣ ਦੇ ਬਾਵਜੂਦ ਸਮੂਦਾਇਕ ਭਵਨ ਲਈ ਸਾਨੂੰ ਥਾਂ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਨੇ ਸੈਕਟਰ 15 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਨਜਾਇਜ਼ ਕਬਜ਼ੇ ਹੋਏ ਇੱਕ ਪਲਾਟ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਸਿੱਖ ਹੈਰੀਟੇਜ਼ ਸੈਂਟਰ ਬਣਾਉਣ ਵਾਸਤੇ ਅਲਾਟ ਕਰਨ ਦੀ ਵੀ ਮੰਗ ਕੀਤੀ। ਵਫ਼ਦ ਦੀਆਂ ਗੱਲਾਂ ਨੂੰ ਸੁਣਨ ਉਂਪਰੰਤ ਜੀ.ਕੇ ਨੇ ਇਸ ਮਸਲੇ ਨੂੰ ਛੇਤੀ ਹੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨਾਲ ਚੁੱਕਣ ਦਾ ਭਰੋਸਾ ਦਿੰਦੇ ਹੋਏ ਫਰੀਦਾਬਾਦ ਵਿਖੇ ਖਾਲਸਾ ਸਕੂਲ ਸਥਾਪਿਤ ਕਰਨ ਲਈ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮਦਦ ਕਰਨ ਦੀ ਵੀ ਗੱਲ ਆਖੀ।ਇਸ ਮੌਕੇ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
Punjab Post Daily Online Newspaper & Print Media