Tuesday, March 31, 2026

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ppn1710201620

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ 482ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ। ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰੇ ਸਾਹਿਬ ਵਿੱਚ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਵਿਦਿਆਰਥੀਆਂ ਨੇ ਆਈਆਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ।
ਸ: ਛੀਨਾ ਨੇ ਇਸ ਮੌਕੇ ਸਮੂੰਹ ਜਗਤ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਫ਼ਲਸਫ਼ੇ ਅਤੇ ਜੀਵਨ ਤੋਂ ਸਿੱਖਿਆ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ, ਜੋ ਸਭ ਤੋਂ ਪਹਿਲਾਂ ‘ਰਾਮਦਾਸਪੁਰ’ ਨਾਮ ਨਾਲ ਜਾਣੀ ਜਾਂਦੀ ਸੀ। ਇਸ ਪਵਿੱਤਰ ਦਿਹਾੜੇ ‘ਤੇ ਕਾਲਜ ਦੇ ਵਿਦਿਆਰਥੀਆਂ ਦੁਆਰਾ ‘ਧੰਨ-ਧੰਨ ਰਾਮਦਾਸ ਗੁਰੂ’, ‘ਗੁਰੂ ਰਾਮਦਾਸ ਰਾਖੋ ਸਰਣਾਈ’ ਅਤੇ ‘ਬੈਠਾ ਸੋਢੀ ਪਾਤਸ਼ਾਹ’ ਸ਼ਬਦ ਗਾਇਕ ਕਰਕੇ ਪੂਰੇ ਮਾਹੌਲ ਗੁਰੂ ਸ਼ਬਦ ਵਿੱਚ ਲੀਨ ਕੀਤਾ। ਇਸ ਮੌਕੇ ਸ: ਛੀਨਾ ਨੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਿਲਕੇ ਕੀਰਤਨ ਗਾਇਨ ਕਰ ਰਹੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਉਪਰੰਤ ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ ਮੁੱਖੀ ਸ: ਇੰਦਰਜੀਤ ਸਿੰਘ ਗੱਗੋਆਣੀ ਨੇ ਇਕੱਤਰ ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਸਬੰਧੀ ਜਾਣੂ ਕਰਵਾਉਂਦਿਆਂ ਗੁਰੂ ਸਾਹਿਬਾਨ ਜੀ ਦੇ ਜੀਵਨ ਤੇ ਉਪਦੇਸ਼ਾਂ ‘ਤੇ ਚਾਨਣਾ ਪਾਇਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ. ਐਸ. ਚਾਹਲ, ਰਜਿਸਟਾਰ ਡਾ. ਜਸਵਿੰਦਰ ਸਿਘ ਢਿੱਲੋਂ, ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਪ੍ਰਿੰ: ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਗੁਰਮਹਿੰਦਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫ਼ੇਅਰ ਡਾ. ਸੁਖਬੀਰ ਕੌਰ ਮਾਹਲ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਕੰਟਰੋਲਰ ਪ੍ਰੀਖਿਆਵਾਂ ਡਾ: ਅਮਰਪਾਲ ਸਿੰਘ, ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਹਰਭਜਨ ਸਿੰਘ, ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਸ: ਨਾਨਕ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ, ਖਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਦਵਿੰਦਰ ਕੌਰ ਸੰਧੂ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ, ਕੌਂਸਲ ਦੇ ਅੰਡਰ ਸੈਕਟਰੀ ਡੀ. ਐੱਸ. ਰਟੌਲ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply