Thursday, February 12, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਵਿੱਚ ਸਵੀਡਨ ਦੇ ਅਤੇ ਪੰਜਾਬੀ ਸਾਹਿਤ ਦੀ ਕੀਤੀ ਗਈ ਤੁਲਨਾ

ppn2911201618

ਸਮਰਾਲਾ, 29 ਨਵੰਬਰ (ਬਲਬੀਰ ਸਿੰਘ ਬੱਬੀ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਅਤੇ ਸਰਪ੍ਰਸਤ ਪ੍ਰੋ: ਬਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 30 ਸਾਹਿਤਕਾਰਾਂ ਤੇ ਵਿਦਵਾਨਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸਵੀਡਨ ਨਿਵਾਸੀ ਨਿੰਦਰ ਗਿੱਲ ਤੇ ਕੈਨੇਡਾ ਨਿਵਾਸੀ ਰਾਜਿੰਦਰ ਰਾਜ ਬਤੌਰ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਰਾਜਿੰਦਰ ਰਾਜ ਨੇ ਸਾਹਿਤਕ ਤੇ ਕਵੀਸ਼ਰੀ ਦੇ ਸਫ਼ਰ ਦਾ ਸੰਖੇਪ ਵਿਵਰਣ ਪੇਸ਼ ਕੀਤਾ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਇੱਕ ਮਤੇ ਰਾਹੀਂ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਸਵਰਗੀ ਉਸਤਾਦ ਕਵੀਸ਼ਰ ਸ੍ਰੀ ਗੁਰਦਿਆਲ ਹਰੀ ਦੀ ਯਾਦ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਦੌਰਾਨ ਰਚਨਾਵਾਂ ਦਾ ਦੌਰ ਰਾਜਿੰਦਰ ਰਾਜ ਦੀ ਰੁਬਾਈ ਨਾਲ ਕੀਤਾ ਗਿਆ।
ਬਲਜਿੰਦਰ ਰਹਿਲ ਵੱਲੋਂ ਦੋ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਬਲਵੰਤ ਸਿੰਘ ਚੀਮਾ ਨੇ ਆਪਣੀ ਕਵਿਤਾ ‘ਲੇਖਣੀ ਦਾ ਮੁੱਲ’ ਸੁਣਾਈ, ਜਿਸ ਉੱਤੇ ਕਈ ਕਿੰਤੂ ਪ੍ਰੰਤੂ ਉੱਠੇ। ਬਲਬੀਰ ਬੱਬੀ ਵੱਲੋਂ ਨੋਟਬੰਦੀ ਤੇ ਕੁਮੈਂਟ ਕਰਦੀ, ਨਵੇਂ ਨੋਟਾਂ ਦੇ ਚੱਲਣ ਬਾਰੇ ਕਵਿਤਾ ਪੇਸ਼ ਕੀਤੀ। ਅਮਰਜੀਤ ਆਜ਼ਾਦ ਦੀ ਕਵਿਤਾ ”ਰੁੱਕਾ” ਨੇ ਪੂਰੀ ਪ੍ਰਸੰਸ਼ਾ ਪ੍ਰਾਪਤ ਕੀਤੀ। ਸੰਤੋਖ ਸਿੰਘ ਕੋਟਾਲਾ ਨੇ ਗੀਤ ਸੁਣਾਇਆ, ਅਮਰਿੰਦਰ ਸੋਹਲ ਨੇ ਕਵਿਤਾ ”ਸਵੈ ਦੀ ਤਸਦੀਕ” ਨਾਲ ਹਾਜ਼ਰੀ ਲੁਆਈ, ਬਲਜਿੰਦਰ ਬੱਲ ਮਾਛੀਵਾੜਾ ਨੇ ਕਵਿਤਾ, ਸੁਰਜੀਤ ਗੱਗ ਨੇ ਕਵਿਤਾ ”ਜੰਗ” ਪੇਸ਼ ਕੀਤੀ, ਗੁਰਸੇਵਕ ਸਿੰਘ ਢਿੱਲੋਂ ਨੇ ਬ੍ਰਿਹਾ ਭਰੀ ਕਵਿਤਾ ਸੁਣਾਈ, ਐਡਵੋਕੇਟ ਗਗਨਦੀਪ ਸ਼ਰਮਾ ਨੇ ਖ਼ੂੁਬਸੂਰਤ ਕਵਿਤਾ ”ਚੂੜੀਆਂ ਵਾਲੇ ਹੱਥ” ਨਾਲ ਪ੍ਰਸੰਸ਼ਾ ਪ੍ਰਾਪਤ ਕੀਤੀ ਤੇ ਕਈ ਕੀਮਤੀ ਸੁਝਾਅ ਪ੍ਰਾਪਤ ਕੀਤੇ। ਸਰਬਜੀਤ ਸਿੰਘ ਨੇ ਗੀਤ, ਜਗਜੀਵਨ ਰਾਮਪੁਰ ਨੇ ਕਵਿਤਾ ਪੇਸ਼ ਕੀਤੀ। ਰਚਨਾਵਾਂ ਉੱਤੇ ਬਹਿਸ ਵਿਚ ਕਹਾਣੀਕਾਰ ਸੁਖਜੀਤ ਮਾਛੀਵਾੜਾ, ਕਹਾਣੀਕਾਰ ਗੁਰਪਾਲ ਲਿੱਟ, ਕਹਾਣੀਕਾਰ ਤੇ ਨਾਵਲਕਾਰ ਗੁਰਦਿਆਲ ਦਲਾਲ ਨੇ ਆਪਣੇ ਵੱਡਮੁੱਲੇ ਵਿਚਾਰ ਲੇਖਕਾਂ ਅਤੇ ਪਾਠਕਾਂ ਨਾਲ ਸਾਂਝੇ ਕੀਤੇ।
ਪ੍ਰਵਾਸੀ ਨਾਵਲਕਾਰ ਨਿੰਦਰ ਗਿੱਲ ਵੱਲੋਂ ਸਵੀਡਨ ਦੇ ਸਾਹਿਤ ਤੇ ਪੰਜਾਬੀ ਸਾਹਿਤ ਦੀ ਤੁਲਨਾ ਕਰਦਿਆਂ ਦੱਸਿਆ ਕਿ ਸਵੀਡਨ ਵਿਚ ਕਹਾਣੀ ਦਾ ਅਨੁਭਵ ਹੈ, ਜਦਕਿ ਨਾਵਲ, ਨਾਟਕ ਤੇ ਕਵਿਤਾ ਉਥੋਂ ਦੇ ਸਾਹਿਤ ਦੀ ਮੁੱਖ ਵਿਧਾ ਹੈ। ਉਥੋਂ ਦਾ ਸਾਹਿਤ ਮਨੋਰੰਜਨ ਤੇ ਸੰਘਰਸ਼ ਉੱਤੇ ਅਧਾਰਤ ਹੈ ਅਤੇ ਲੋਕਾਂ ਦੀ ਮੁੱਖ ਸੋਚ ਵਿਚ ਜ਼ਿੰਦਗੀ ਨੂੰ ਮਨੋਰੰਜਨ ਭਰਪੂਰ ਜਿਊਂਣ ਦੀ ਲਾਲਸਾ ਹੈ। ਨਾਲ ਨਾਲ ਆਮ ਜਨ ਜੀਵਨ ਵਿਚਲੇ ਸੰਘਰਸ਼ ਨੂੰ ਵੀ ਰੂਪਮਾਨ ਕੀਤਾ ਜਾਂਦਾ ਹੈ। ਉਥੋਂ ਦੇ 90 ਪ੍ਰਤੀਸ਼ਤ ਲੋਕ ਨਾਸਤਕ ਹਨ, ਪਰ ਹੁਣ ਧਾਰਮਿਕ ਤੇ ਵੱਖਵਾਦੀ ਰੁਚੀਆਂ ਸਾਹਿਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਨੇ ਨੌਬੇਲ ਇਨਾਮ ਬਾਰੇ ਵਿਸ਼ਵ ਪੱਧਰ ‘ਤੇ ਕੀਤੇ ਜਾਂਦੇ ਜੁਗਾੜਾਂ ਦਾ ਵੀ ਜਿਕਰ ਕੀਤਾ, ਸਵੀਡਨ ਲੋਕਾਂ ਦੀ ਭਾਸ਼ਾ ਬਾਰੇ ਸੁਚੇਤ ਹੋਣ ਦੀ ਜਾਣਕਾਰੀ ਵੀ ਦਿੱਤੀ ਤੇ ਉਥੇ ਸਾਹਿਤਕ ਪੁਸਤਕਾਂ ਪੜ੍ਹਨ ਵਿਚ ਆਈ ਗਿਰਾਵਟ ਦਾ ਵੀ ਜਿਕਰ ਕੀਤਾ। ਰਚਨਾਵਾਂ ‘ਤੇ ਹੋਈ ਬਹਿਸ ਵਿਚ ਕਹਾਣੀਕਾਰ ਸੁਖਜੀਤ, ਕਹਾਣੀਕਾਰ ਗੁਰਪਾਲ ਲਿੱਟ, ਨਾਵਲਕਾਰ ਗੁਰਦਿਆਲ ਦਲਾਲ, ਜਸਵੀਰ ਸਮਰਾਲਾ, ਕਹਾਣੀਕਾਰ ਸੰਦੀਪ ਤਿਵਾੜੀ, ਸੰਜੀਵ ਕੁਮਾਰ ਕਲਿਆਣ, ਗੁਰਪਾਲ ਬਿੱਟੂ, ਜਗਦੀਸ਼ ਨੀਲੋਂ, ਅਮਨਸ਼ਾਦ, ਅਮਨ ਕੁਰਾਲੀ, ਕਹਾਣੀਕਾਰ ਨੇਤਰ ਸਿੰਘ ਮੁੱਤੋਂ, ਬਲਵੰਤ ਮਾਂਗਟ, ਇਕਬਾਲ ਸਿੰਘ ਨੀਲੋਂ, ਰਾਜਵਿੰਦਰ ਸਮਰਾਲਾ (ਨਾਟਕਕਾਰ), ਤਰਨ ਸਿੰਘ, ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਜਗਦੀਸ਼ ਨੀਲੋਂ ਅਤੇ ਸਕੱਤਰ ਦੀਪ ਦਿਲਬਰ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ।

Check Also

ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …

Leave a Reply